ਲੁਧਿਆਣਾ: ਸ਼ਹਿਰ ਵਿੱਚ ਬੀਤੇ ਦਿਨੀਂ ਕੋਰੋਨਾ ਵਾਇਰਸ ਦੇ ਚਾਰ ਦਰਜਨ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੀਨੀਅਰ ਅਫਸਰਾਂ ਨੇ ਸਖਤੀ ਵਧਾ ਦਿੱਤੀ ਹੈ। ਖ਼ੁਦ ਕੰਟੇਨਮੈਟ ਇਲਾਕਿਆਂ ਦਾ ਦੌਰਾ ਕਰਕੇ ਉਹ ਲੋਕਾਂ ਦੇ ਖਿਲਾਫ ਹੁਣ ਕਾਰਵਾਈ ਕਰ ਰਹੇ ਹਨ।
ਲੁਧਿਆਣਾ ਦੇ ਏਡੀਸੀਪੀ ਦੀਪਕ ਪਾਰਿਕ ਵੱਲੋਂ ਪ੍ਰੇਮ ਨਗਰ ਇਲਾਕੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਡਰੋਨ ਰਾਹੀਂ ਨਜ਼ਰ ਰੱਖੀ ਗਈ ਅਤੇ ਉਨ੍ਹਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾ ਰਹੀ ਹੈ।
ਦਰਅਸਲ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਕੰਟੇਨਮੈਂਟ ਇਲਾਕਿਆਂ ਦੇ ਵਿੱਚ ਕੋਰੋਨਾ ਦੇ ਕੇਸ ਵੱਧ ਰਹੇ ਹਨ ਜਿਸ ਕਰਕੇ ਪੁਲਿਸ ਵੱਲੋਂ ਇਹ ਸਖ਼ਤੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਮੌਕੇ ਉੱਤੇ ਤੈਨਾਤ ਏਡੀਸੀਪੀ ਦੀਪਕ ਪਾਰਿਕ ਨੇ ਦੱਸਿਆ ਕਿ ਲੋਕਾਂ ਨੂੰ ਜਿੰਨਾ ਸਮਝਾਉਣਾ ਸੀ ਉਹ ਸਮਝਾ ਚੁੱਕੇ ਹਨ। ਪੁਲਿਸ ਵੱਲੋਂ ਜਾਗਰੂਕ ਵੀ ਕੀਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਲੋਕ ਸੁਧਰ ਨਹੀਂ ਰਹੇ ਜਿਸ ਕਰਕੇ ਉਨ੍ਹਾਂ ਨੂੰ ਸਖ਼ਤੀ ਕਰਨੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਕੰਟੇਨਮੈਂਟ ਇਲਾਕਿਆਂ ਦੇ ਵਿੱਚ ਜੋ ਤੰਗ ਗਲੀਆਂ ਨੇ ਉੱਥੇ ਡਰੋਨ ਰਾਹੀਂ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਇਨ੍ਹਾਂ ਇਲਾਕਿਆਂ ਦੇ ਨਕਸ਼ੇ ਵੀ ਬਣਾ ਕੇ ਇਲਾਕਿਆਂ ਦੇ ਬਾਹਰ ਲਾ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦੁਵਿਧਾ ਨਾ ਰਹੇ। ਡਰੋਨ ਦੇ ਰਾਹੀਂ ਜੋ ਵੀ ਬਿਨਾਂ ਵਜ੍ਹਾ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਉੱਤੇ ਮੁਕੱਦਮਾ ਦਰਜ ਕੀਤਾ ਜਾਵੇਗਾ।