ਲੁਧਿਆਣਾ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅੱਜ ਲੁਧਿਆਣਾ ਦੇ ਇਕ ਨਿੱਜੀ ਕਾਲਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਪੁੱਜੇ। ਇਸ ਦੌਰਾਨ ਹਰਜੋਤ ਬੈਂਸ ਨੂੰ ਬੀਐਡ ਦੇ ਵਿਦਿਆਰਥੀਆਂ ਅਤੇ ਗੈਸਟ ਪ੍ਰੋਫ਼ੈਸਰਾਂ ਨੇ ਘੇਰ ਲਿਆ ਅਤੇ ਆਪਣੀਆਂ ਸਮੱਸਿਆਵਾਂ ਦੱਸੀਆਂ। ਇਸ ਦੌਰਾਨ ਕੈਬਨਿਟ ਮੰਤਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਉਥੇ ਚਲੇ ਗਏ, ਹਾਲਾਂਕਿ ਜਦੋਂ ਕੈਬਨਿਟ ਮੰਤਰੀ ਨੂੰ ਮੀਡੀਆ ਵੱਲੋਂ ਸਵਾਲ ਕੀਤਾ ਗਿਆ ਕਿ ਇਨ੍ਹਾਂ ਦਾ ਮੁਸ਼ਕਲਾਂ ਹੱਲ ਹੋਵੇਗਾ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਜੋਤ ਬੈਂਸ ਨੇ ਕਿਹਾ ਸੀ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਲਗਾਤਾਰ ਕਦਮ ਚੁੱਕ ਰਹੀ ਹੈ। ਇਸ ਮੌਕੇ ਜਦੋਂ ਗਵਰਨਰ ਵੱਲੋਂ ਪੁੱਛੇ ਜਾ ਰਹੇ ਸਵਾਲ ਬਾਰੇ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਪਹਿਲਾਂ ਹੀ ਇਸ ਦਾ ਜਵਾਬ ਦੇ ਚੁੱਕੇ ਹਨ। ਇਸ ਤੋਂ ਇਲਾਵਾ ਬੱਚਿਆਂ ਦੀਆਂ ਵਰਦੀਆਂ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅੰਦਰ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਉਨ੍ਹਾਂ ਅਧਾਰੀਆਂ ਉਤੇ ਕਾਰਵਾਈ ਕਰ ਰਹੇ ਹਾਂ ਅਤੇ ਕਈ ਅਫਸਰਾਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ।
ਵਿਦਿਆਰਥੀਆਂ ਨੇ ਦੱਸੀਆਂ ਮੁਸ਼ਕਿਲਾਂ : ਇਸ ਦੌਰਾਨ ਕੈਬਨਿਟ ਮੰਤਰੀ ਕੋਲ ਆਪਣਾ ਮੁੱਦਾ ਲੈ ਕੇ ਆਈਆਂ ਵਿਦਿਆਰਥਣਾਂ ਨੇ ਦੱਸਿਆ ਕਿ ਪਿਛਲੇ 13 ਸਾਲ ਤੋਂ ਸਰਕਾਰ ਵੱਲੋਂ ਬਿਨਾਂ ਐਂਟਰੈਂਸ ਟੈਸਟ ਦੇ ਕਾਲਜ ਵਿੱਚ ਦਾਖਲਾ ਹੋ ਰਿਹਾ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਵੀ ਦਾਖਲਾ ਲਿਆ ਪਰ ਹੁਣ ਲਗਭਗ 53 ਵਿਦਿਆਰਥੀਆਂ ਦਾ ਭਵਿੱਖ ਦਾਅ ਉਤੇ ਲੱਗ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਯੂਨੀਵਰਸਿਟੀ ਨੇ ਕਿਸੇ ਵੀ ਕਿਸਮ ਦੀ ਰਾਹਤ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਉਹ ਹੁਣ ਮੁਸ਼ਕਿਲਾਂ ਵਿੱਚ ਪਏ ਹੋਏ ਹਨ।
ਸਾਡੀਆਂ ਤਨਖਾਹਾਂ ਵਿਚ ਨਹੀਂ ਹੋ ਰਿਹਾ ਵਾਧਾ : ਉਥੇ ਹੀ ਦੂਜੇ ਪਾਸੇ ਕਾਲਜਾਂ ਵਿਚ ਬੀਤੇ 25 ਸਾਲ ਤੋਂ ਗੈਸਟ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਪ੍ਰੋਫੈਸਰਾਂ ਵੱਲੋਂ ਵੀ ਹਰਜੋਤ ਬੈਂਸ ਨੂੰ ਮਿਲ ਕੇ ਆਪਣੀਆਂ ਮੁਸ਼ਕਿਲਾਂ ਦੱਸੀਆਂ ਗਈਆਂ ਅਤੇ ਕਿਹਾ ਗਿਆ ਕਿ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਨਹੀਂ ਹੋ ਰਿਹਾ, ਜਦਕਿ ਉਹ ਸਰਕਾਰੀ ਡਿਊਟੀਆਂ ਵੀ ਕਰ ਰਹੇ ਹਨ ਅਤੇ ਕੋਰੋਨਾ ਦੇ ਸਮੇਂ ਦੌਰਾਨ ਉਨ੍ਹਾਂ ਨੇ ਆਪਣੀ ਜਾਨ ਉਤੇ ਖੇਡ ਕੇ ਲੋਕਾਂ ਦੀ ਸੇਵਾ ਕੀਤੀ ਸੀ। ਪ੍ਰੋਫੈਸਰਾਂ ਨੇ ਕਿਹਾ ਕਿ ਅਸੀਂ ਪਰੇਸ਼ਾਨ ਹਾਂ ਸਾਡੇ ਤੋਂ ਸੀਨੀਅਰ ਅਤੇ ਸਾਡੇ ਤੋਂ ਜੂਨੀਅਰ ਦੋਹਾਂ ਦੀ ਪੇਅ ਸਕੇਲ ਦੇ ਵਿਚ ਵਾਧਾ ਹੋ ਚੁੱਕਾ ਹੈ ਪਰ ਸਾਡੇ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ।