ਖੰਨਾ: ਮਾਤਾ ਗੰਗਾ ਖ਼ਾਲਸਾ ਕਾਲਜ ਦੀ ਵਿਦਿਆਰਥਣ ਵੀਰਜੋਤ ਕੌਰ ਨੇ 'ਸਪੋਰਟਸ ਐਂਡ ਯੂਥ ਮਨਿਸਟਰੀ ਆਫ਼ ਇੰਡੀਆ' ਵਲੋਂ ਕਰਵਾਏ 'ਖੇਲੋ ਇੰਡੀਆ' ਵਿੱਚ ਸੋਨ ਤਮਗ਼ਾ ਹਾਸਲ ਕੀਤਾ ਹੈ। ਦੱਸ ਦਈਏ, 'ਖੇਲੋ ਇੰਡੀਆ' ਦੇ ਮੁਕਾਬਲੇ 20 ਜਨਵਰੀ ਤੋਂ 03 ਫਰਵਰੀ ਤੱਕ ਭੁਵਨੇਸ਼ਵਰ, ਓੜੀਸ਼ਾ ਵਿਖੇ ਹੋ ਰਹੇ ਹਨ।
ਕਾਲਜ ਦੇ ਤਿੰਨ ਵਿਦਿਆਰਥੀ ਵੇਟ ਲਿਫਟਿੰਗ ਵਿੱਚ ਹਿੱਸਾ ਲੈਣ ਗਏ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚ ਵੀਰਜੋਤ ਕੌਰ 46 ਕਿੱਲੋ ਵੇਟ-ਲਿਫਟਿੰਗ ਕੈਟਾਗਿਰੀ ਵਿੱਚ ਹਿੱਸਾ ਲੈਣ ਜਾ ਰਹੀ ਹੈ। ਜਦੋਂ ਕਿ ਮਨਪ੍ਰੀਤ ਕੌਰ ਤੇ ਮਨੀਸ਼ ਕੁਮਾਰ ਕ੍ਰਮਵਾਰ 90 ਕਿਲੋ ਕੈਟਗਿਰੀ ਤੇ 73 ਕਿਲੋ ਕੈਟੇਗਿਰੀ ਵਿੱਚ ਹਿੱਸਾ ਲੈਣ ਜਾ ਰਹੇ ਹਨ।
ਇਨ੍ਹਾਂ ਵਿਦਿਆਰਥੀਆਂ ਨੇ ਪੰਜਾਬ ਯੂਨਵਿਰਸਿਟੀ ਚੰਡੀਗੜ੍ਹ ਵੱਲੋਂ ਕਰਵਾਏ ਗਏ ਅੰਤਰ ਕਾਲਜ ਮੁਕਾਬਲੇ 2019 ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ, ਜਦੋਂਕਿ ਆਲ ਇੰਡੀਆ ਇੰਟਰ-ਯੂਨੀਵਰਸਿਟੀ ਮੁਕਾਬਲਿਆਂ ਵਿੱਚ ਕੁੜੀਆਂ ਨੇ ਪਹਿਲੀਆਂ 8 ਪੁਜੀਸ਼ਨਾਂ ਵਿੱਚੋਂ ਵੀਰਜੋਤ ਕੌਰ ਨੇ 5ਵੀਂ ਤੇ ਮਨਪ੍ਰੀਤ ਕੌਰ ਨੇ 7ਵੀਂ ਪੁਜੀਸ਼ਨ ਹਾਸਲ ਕੀਤੀ ਸੀ।
ਇਸੇ ਮੁਕਾਬਲੇ ਵਿੱਚ ਕੁੜੀਆਂ ਦੀਆਂ ਪਹਿਲੀਆਂ 8 ਪੁਜੀਸ਼ਨਾਂ ਵਿੱਚੋਂ ਮਨੀਸ਼ ਕੁਮਾਰ ਨੇ 7ਵੀਂ ਪੁਜੀਸ਼ਨ ਹਾਸਲ ਕੀਤੀ ਸੀ ਤੇ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਯੋਗਦਾਨ ਨਾਲ ਚੈਂਪੀਅਨਸ਼ਿਪ ਲੈ ਕੇ ਦਿੱਤੀ ਸੀ। ਇਨ੍ਹਾਂ ਵਿਦਿਆਰਥੀਆਂ ਦੀ ਕਾਮਯਾਬੀ ਉੱਤੇ ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਤੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਜੀ ਲੋਪੋਂ ਤੇ ਐਡੀਸ਼ਨਲ ਸੈਕਟਰੀ ਰਘਬੀਰ ਸਿੰਘ ਜੀ ਸਹਾਰਨਮਾਜਰਾ ਵਲੋਂ ਬੱਚਿਆਂ ਦੀ ਇਸ ਕਾਰਗੁਜ਼ਾਰੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ।