ਲੁਧਿਆਣਾ: ਬੁੱਢੇ ਨਾਲੇ ਦੇ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਵੱਲੋਂ ਬੀਤੇ ਸਾਲ ਹਰੀ ਝੰਡੀ ਦੇ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬੁੱਢੇ ਨਾਲੇ ਦੇ ਸਰਵਪੱਖੀ ਵਿਕਾਸ ਲਈ ਚਲਾਏ ਜਾ ਰਹੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਹੈ। ਇਸ ਵਿੱਚ ਪੰਜਾਬ ਸਰਕਾਰ 342 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ 208 ਕਰੋੜ ਰੁਪਏ ਜਦਕਿ ਨਿੱਜੀ ਆਪਰੇਟਰ 100 ਕਰੋੜ ਰੁਪਏ ਦੇਣਗੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਪੂਰਾ 812 ਕਰੋੜ ਰੁਪਏ ਦਾ ਪ੍ਰਾਜੈਕਟ ਹੈ। 150 ਕਰੋੜ ਰੁਪਏ ਵਾਟਰ ਟਰੀਟਮੈਂਟ ਲਈ ਜਦੋਂਕਿ 283 ਬੁੱਢੇ ਨਾਲੇ ਦੇ ਸੁੰਦਰੀਕਰਨ ਲਈ ਜ਼ਰੂਰੀ 13 ਕਰੋੜ ਰੁਪਏ ਸਮਾਰਟ ਸਿਟੀ ਤਹਿਤ ਬੁੱਢੇ ਨਾਲੇ ਦੇ ਦੋਵੇਂ ਪਾਸੇ ਜਅਲ ਲਾਉਣ ਲਈ ਲਾਏ ਜਾਣਗੇ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਡਰੀਮ ਪ੍ਰਾਜੈਕਟ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸਿਰਫ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਪੂਰੇ ਮਾਲਵਾ ਬੈਲਟ ਵਿੱਚ ਲੋਕ ਇਹ ਪਾਣੀ ਪੀਣ ਨੂੰ ਵੀ ਮਜ਼ਬੂਰ ਹੁੰਦੇ ਹਨ। ਇਸ ਦੌਰਾਨ ਮਨਪ੍ਰੀਤ ਬਾਦਲ ਨੇ ਵੀ ਕਿਹਾ ਕਿ ਕੋਰੋਨਾ ਕਰਕੇ ਪ੍ਰਾਜੈਕਟ ਵਿਚ ਕੁਝ ਦੇਰੀ ਹੋ ਗਈ ਸੀ ਅਤੇ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ ਇਸ ਕਰਕੇ ਇੰਨੀ ਵੱਡੀ ਰਕਮ ਇਕੱਠੀ ਕਰਨੀ ਕਾਫ਼ੀ ਮੁਸ਼ਕਿਲ ਸੀ।
ਮਨਪ੍ਰੀਤ ਬਾਦਲ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ ਕਿਉਂਕਿ ਕੇਂਦਰ ਸਰਕਾਰ ਨਾ ਹੀ ਜੀਐੱਸਟੀ ਰਿਫੰਡ ਵਾਪਸ ਕਰ ਰਹੀ ਹੈ ਅਤੇ ਨਾ ਹੀ ਵੈਟ ਰਿਫੰਡ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਕਿ ਸਰਕਾਰ ਵੱਧ ਤੋਂ ਵੱਧ ਵਿਕਾਸ ਕਰ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦਾ ਦਿਲ ਛੋਟਾ ਹੈ। ਖੇਤੀ ਕਾਨੂੰਨਾਂ ਉੱਤੇ ਵੀ ਉਨ੍ਹਾਂ ਨੇ ਆਪਣੀ ਟਿੱਪਣੀ ਦਿੱਤੀ ਅਤੇ ਕਿਹਾ ਜਿਸ ਸਰਕਾਰ ਤੋਂ ਉਸ ਦੀ ਪਰਜਾ ਹੀ ਖੁਸ਼ ਨਾ ਹੋਵੇ ਉਸ ਦਾ ਕੋਈ ਫ਼ਾਇਦਾ ਨਹੀਂ।
ਉੱਧਰ ਦੂਜੇ ਪਾਸੇ ਉਨ੍ਹਾਂ ਨੇ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਉੱਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਨੂੰ ਆਪਣੀ ਤੌਹੀਨ ਦੱਸਿਆ।