ਲੁਧਿਆਣਾ: ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੇ ਸ਼ੁੱਕਰਵਾਰ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ। ਇਸ ਤੋਂ ਬਾਅਦ ਮਜੀਠੀਆ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਜੰਮ ਕੇ ਕਾਂਗਰਸ 'ਤੇ ਨਿਸ਼ਾਨੇ ਵਿੰਨ੍ਹੇ ਤੇ ਕਾਂਗਰਸ ਦੀ ਢਾਈ ਸਾਲ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ।
ਇਸ ਮੌਕੇ ਪੱਤਰਕਾਰਾਂ ਦੇ ਮੁਖ਼ਾਤਿਬ ਹੁੰਦਿਆਂ ਬਿਕਰਮਜੀਤ ਸਿੰਘ ਮਜੀਠੀਆ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਬੀਤੇ ਢਾਈ ਸਾਲਾਂ ਵਿੱਚ ਇੱਕ ਵੀ ਕੰਮ ਨਹੀਂ ਕੀਤਾ ਤੇ ਲੋਕਾਂ ਨਾਲ ਵਾਅਦੇ ਕਰਕੇ ਸਰਕਾਰ ਮੁੱਕਰ ਗਈ। ਇਸ ਦੇ ਨਾਲ ਹੀ ਗੁੱਟਕਾ ਸਾਹਿਬ ਦੀ ਸੰਹੁ ਚੁੱਕ ਕੇ ਨਸ਼ੇ ਖ਼ਤਮ ਕਰਨ ਵਾਲੀ ਕਾਂਗਰਸ ਸਰਕਾਰ ਖ਼ੁਦ ਝੂਠੀ ਪੈ ਗਈ ਹੈ।
ਇਹ ਵੀ ਪੜ੍ਹੋ: ਵਿਕਰਮ ਦੀ ਹੋਈ ਹਾਰਡ ਲੈਂਡਿੰਗ, ਨਾਸਾ ਨੇ ਤਸਵੀਰਾਂ ਕੀਤੀਆਂ ਜਾਰੀ
ਮਜੀਠੀਆ ਨੇ ਕਾਂਗਰਸ ਦੇ ਮੁੱਲਾਂਪੁਰ ਦਾਖਾ ਤੋਂ ਉਮੀਦਵਾਰ ਕੈਪਟਨ ਸੰਧੂ 'ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਹ ਏ.ਸੀ 'ਚ ਰਹਿਣ ਵਾਲੇ ਹਨ ਤੇ ਮੁੱਲਾਂਪੁਰ ਵਾਸੀ ਉਨ੍ਹਾਂ ਦਾ ਖ਼ਾਸ ਧਿਆਨ ਰੱਖਣ। ਅਕਾਲੀ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਵੀ ਗ਼ਲਤ ਫ਼ੈਸਲੇ ਲਏ ਹਨ, ਕੈਪਟਨ ਸੰਧੂ ਉਸ ਵਿੱਚ ਬਰਾਬਰੀ ਦੇ ਭਾਗੀਦਾਰ ਹਨ, ਕਿਉਂਕਿ ਉਹ ਕੈਪਟਨ ਦੇ ਸਲਾਹਕਾਰ ਹਨ।
ਉੱਧਰ ਮਨਪ੍ਰੀਤ ਇਆਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿੰਨਾ ਵਿਕਾਸ ਮੁੱਲਾਂਪੁਰ ਦਾਖਾ ਦਾ ਹੋਇਆ, ਉਹ ਅੱਜ ਤੱਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੁੱਲਾਂਪੁਰ ਦਾਖਾ ਦਾ ਵਿਕਾਸ ਅਕਾਲੀ ਦਲ ਨੇ ਹੀ ਕਰਵਾਇਆ ਸੀ ਤੇ ਹੁਣ ਵੀ ਵਿਕਾਸ ਦੇ ਨਾਂਅ ਉੱਤੇ ਹੀ ਹੋ ਲੋਕਾਂ ਦੀ ਕਚਹਿਰੀ 'ਚ ਉਤਰਨਗੇ। ਦੱਸ ਦਈਏ, ਜ਼ਿਮਨੀ ਚੋਣਾਂ ਲਈ 21 ਅਕਤੂਬਰ ਨੂੰ ਵੋਟਿੰਗ ਹੋਣੀ ਹੈ ਜਦੋਂ ਕੇਸ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।