ਲੁਧਿਆਣਾ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਲੰਮਾ ਸਮਾਂ ਪਹਿਲਾਂ ਹੀ ਲੁਧਿਆਣਾ ਵਿੱਚ ਸਿਆਸਤ ਗਰਮਾਉਣ ਲੱਗੀ ਹੈ। ਸਿਆਸਤਦਾਨਾਂ ਨੇ ਇੱਕ-ਦੂਜੇ ਵਿਰੁੱਧ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਯੂਥ ਅਕਾਲੀ ਦਲ ਵੱਲੋਂ ਬੈਂਸ ਦੇ ਹਲਕੇ ਵਿੱਚ ਸਾਇਕਲ ਯਾਤਰਾ ਕੱਢੀ ਗਈ, ਉਨ੍ਹਾਂ ਕਿਹਾ ਕਿ ਬੈਂਸ ਨੇ ਆਪਣੇ ਹਲਕੇ ਦਾ ਵਿਕਾਸ ਨਹੀਂ ਕਰਵਾਇਆ।
ਲੁਧਿਆਣਾ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਗੋਸ਼ਾ ਨੇ ਕਿਹਾ ਕਿ ਪੰਜਾਬ ਦੀ ਗੱਲ ਕਰਨ ਵਾਲੇ ਬੈਂਸ ਭਰਾਂ ਆਪਣੇ ਹਲਕੇ ਵਿੱਚ ਹੀ ਫੇਲ੍ਹ ਹੋ ਗਏ ਹਨ। ਗੁਰਦੀਪ ਗੋਸ਼ਾ ਨੇ ਕਿਹਾ ਕਿ ਬੈਂਸ ਨੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਸਾਇਕਲ ਯਾਤਰਾ ਤਾਂ ਕੱਢੀ, ਪਰ ਉਹ ਇਸ ਦੌਰਾਨ ਆਪਣੇ ਹਲਕੇ ਦੀ ਸਥਿਤੀ ਨੂੰ ਭੁੱਲ ਗਏ।
ਬੈਂਸ ਭਰਾਵਾਂ ਉੱਤੇ ਵਰ੍ਹਦਿਆਂ ਗੁਰਦੀਪ ਗੋਸ਼ਾ ਨੇ ਕਿਹਾ ਕਿ ਬੈਂਸ ਭਰਾਵਾਂ ਨੇ ਆਪਣੇ ਹਲਕੇ ਦੇ ਲੋਕਾਂ ਦੀ ਹੀ ਸਾਰ ਨਹੀਂ ਲਈ, ਤੇ ਉਹ ਗੱਲਾਂ ਕਰਦੇ ਨੇ ਪੂਰੇ ਪੰਜਾਬ ਦੇ ਵਿਕਾਸ ਦੀਆਂ।
ਗੋਸ਼ਾ ਨੇ ਬੈਂਸ ਭਰਾਵਾਂ ਉੱਤੇ ਦੋਸ਼ ਲਾਏ ਹਨ ਕਿ ਬੈਂਸ ਦੇ ਖ਼ੁਦ ਦੇ ਹਲਕੇ ਵਿੱਚ ਖਸਤਾ ਸੜਕਾਂ ਨਾਲ ਹਰ ਰੋਜ਼ ਕਈ ਲੋਕਾਂ ਦੇ ਸਾਇਕਲਾਂ ਦੇ ਟਾਇਰ-ਟਿਊਬ ਖ਼ਰਾਬ ਹੁੰਦੇ ਹਨ।
ਉੱਧਰ ਦੂਜੇ ਪਾਸੇ ਹਲਕਾ ਵਾਸੀ ਨੇ ਵੀ ਕਿਹਾ ਕਿ 9 ਸਾਲ ਪਹਿਲਾਂ ਹਲਕੇ ਦੀ ਨੁਹਾਰ ਕੁੱਝ ਹੋਰ ਹੁੰਦੀ ਸੀ, ਪਰ ਜਦੋਂ ਤੋਂ ਬੈਂਸ ਵਿਧਾਇਕ ਚੁਣੇ ਗਏ ਹਨ ਉਦੋਂ ਤੋਂ ਹਲਕੇ ਦਾ ਤਾਂ ਰੱਬ ਹੀ ਰਾਖਾ ਹੈ। ਸੜਕਾਂ-ਗਲੀਆਂ ਦਾ ਬੁਰਾ ਹਾਲ ਹੈ, ਹਲਕੇ ਵਿੱਚ ਇੱਕ ਇੱਟ ਵੀ ਨਹੀਂ ਲੱਗੀ, ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ।