ਲੁਧਿਆਣਾ: ਅਕਸਰ ਸੁਰਖੀਆਂ ਵਿੱਚ ਰਹਿਣ ਵਾਲੀ ਜੀਆਰਪੀ ਪੁਲਿਸ ਦਾ ਇੱਕ ਹੋਰ ਨਵਾਂ ਕਾਰਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਤੈਨਾਤ ਜੀਆਰਪੀ ਦੇ ਏਐਸਆਈ ਨੈਬ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਚਾਹ ਵੇਚਣ ਵਾਲੇ ਨੂੰ ਆਪਣੀ ਵਰਦੀ ਦੀ ਧੌਂਸ ਵਿਖਾਕੇ ਕੁੱਟ ਰਹੇ ਹਨ। ਪੀੜਤ ਮੁੰਡੇ ਨੂੰ ਚਾਹ ਦੇ ਪੈਸੇ ਮੰਗਣੇ ਹੀ ਮਹਿੰਗੇ ਪੈ ਗਏ।
ਮਾਮਲਾ ਚਾਹ ਦੇ ਪੈਸੇ ਨਾ ਦੇਣ ਦਾ ਦੱਸਿਆ ਜਾ ਰਿਹਾ ਹੈ। ਉਸ ਨੂੰ ਏਐਸਆਈ ਵਲੋਂ ਠੰਢ ਵਿੱਚ ਪੁਲਿਸ ਮੁਲਾਜ਼ਮ ਦੇ ਡੰਡੇ ਖਾਣੇ ਪੈ ਗਏ। ਪੀੜਤ ਚਾਹ ਵੇਚਣ ਵਾਲੇ ਨੇ ਦੱਸਿਆ ਕਿ ਵਰਦੀ ਵਿੱਚ ਪੁਲਿਸ ਮੁਲਾਜ਼ਮ ਨੇ ਦੋ ਵਾਰ ਚਾਹ ਪੀਤੀ, ਜਦੋਂ ਉਨ੍ਹਾਂ ਨੇ ਉਸ ਤੋਂ ਚਾਹ ਦੇ ਪੈਸਿਆਂ ਦੀ ਮੰਗ ਕੀਤੀ, ਤਾਂ ਉਹ ਬਹਿਸ ਕਰਨ ਲੱਗਾ। ਜਦੋਂ ਪੀੜਤ ਨੇ ਆਪਣੇ ਮਾਲਕ ਨਾਲ ਉਸ ਨੂੰ ਗੱਲ ਕਰਨ ਲਈ ਕਿਹਾ ਤਾਂ ਵਰਦੀ ਵਿੱਚ ਏਐਸਆਈ ਨੈਬ ਸਿੰਘ ਨੂੰ ਆਪਣੀ ਸ਼ਾਨ ਦੇ ਵਿਰੁੱਧ ਇਹ ਗੱਲ ਇੰਨੀ ਚੁੱਭੀ ਕਿ ਉਸ ਨੇ ਚਾਹ ਵੇਚਣ ਵਾਲੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ, ਲੁਧਿਆਣਾ ਰੇਲਵੇ ਸਟੇਸ਼ਨ ਦੇ ਐਸਐਚਓ ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਵਾਇਰਲ ਹੋਈ ਵੀਡੀਓ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਅਤੇ ਇਹ ਵੀਡੀਓ ਏਐਸਆਈ ਨੈਬ ਸਿੰਘ ਦੀ ਹੈ। ਇਸ ਸੰਬੰਧੀ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਪੂਰੀ ਸ਼ਨਾਖਤ ਕਰਨ ਤੋਂ ਬਾਅਦ ਸੰਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੇਕਰ ਪੁਲਿਸ ਮੁਲਾਜ਼ਮ ਦੀ ਗ਼ਲਤੀ ਪਾਈ ਗਈ ਤਾਂ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਵਿੱਚ ਲੋਹੜੀ ਦੀ ਧੂਮ, ਜਾਣੋ ਕੀ ਹੈ ਇਸਦਾ ਇਤਿਹਾਸ