ਲੁਧਿਆਣਾ: ਪੰਜਾਬ 'ਚ ਲੱਗੇ ਕਰਫ਼ਿਊ ਦੌਰਾਨ ਜਿੱਥੇ ਵੱਖ-ਵੱਖ ਖੇਤਰਾਂ ਵਿੱਚ ਕੰਮਕਾਰ 'ਤੇ ਮੰਦੀ ਦਾ ਅਸਰ ਪਿਆ ਉੱਥੇ ਹੀ ਟੈਕਸੀਆਂ ਚਲਾਉਣ ਵਾਲਿਆਂ 'ਤੇ ਵੀ ਕੋਰੋਨਾ ਦੀ ਮਾਰ ਪਈ ਹੈ। ਬੀਤੇ 2 ਮਹੀਨਿਆਂ ਤੋਂ ਕਰਫਿਊ ਕਾਰਨ ਟੈਕਸੀਆਂ ਨਹੀਂ ਚੱਲ ਸਕੀਆਂ ਜਿਸ ਕਰਕੇ ਟੈਕਸੀ ਯੂਨੀਅਨਾਂ ਨੇ ਇਕਜੁੱਟ ਹੋ ਕੇ ਸਰਕਾਰ ਅੱਗੇ ਉਨ੍ਹਾਂ ਦੀ ਮਦਦ ਦੀ ਮੰਗ ਕੀਤੀ ਹੈ।
ਟੈਕਸੀ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਗੱਡੀਆਂ ਬੀਤੇ 2 ਮਹੀਨਿਆਂ ਤੋਂ ਖੜ੍ਹੀਆਂ ਹਨ ਪਰ ਬੈਂਕ ਵਾਲੇ ਉਨ੍ਹਾਂ ਤੋਂ ਕਿਸ਼ਤਾਂ ਵੀ ਮੰਗ ਰਹੇ ਹਨ ਅਤੇ ਵਿਆਜ ਵੀ ਲੈ ਰਹੇ ਹਨ। ਇਸ ਤੋਂ ਇਲਾਵਾ ਬੀਮਾ ਕਰਨ ਵਾਲੀਆਂ ਕੰਪਨੀਆਂ ਵੀ ਉਨ੍ਹਾਂ ਨੂੰ ਮੋਟੀ ਰਕਮ ਲੈ ਰਹੀਆਂ ਹਨ। ਕਿਸ਼ਤਾਂ ਖੜ੍ਹੀਆਂ ਗੱਡੀਆਂ ਦੀਆਂ ਉਨ੍ਹਾਂ ਨੂੰ ਦੇਣੀਆਂ ਪੈ ਰਹੀਆਂ ਨੇ ਜੋ ਕਿ ਉਨ੍ਹਾਂ ਲਈ ਕਾਫੀ ਮੁਸ਼ਕਿਲ ਹੋ ਰਿਹਾ ਹੈ।
ਟੈਕਸੀ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਇੱਕ ਸਾਲ ਤੱਕ ਉਨ੍ਹਾਂ ਦੀਆਂ ਬੈਂਕ ਕਿਸ਼ਤਾਂ 'ਚ ਰਹਿਤ ਦਿੱਤੀ ਜਾਵੇ ਅਤੇ ਵਿਆਜ਼ ਵੀ ਨਾ ਲਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਖੜ੍ਹੀਆਂ ਗੱਡੀਆਂ ਦੀ ਬੀਮਾ ਸਕੀਮ ਨੂੰ ਹੋਰ ਇੱਕ ਸਾਲ ਤੱਕ ਵਧਾਇਆ ਜਾਵੇ ਅਤੇ ਖੜ੍ਹੀਆਂ ਗੱਡੀਆਂ ਦੀਆਂ ਕਿਸ਼ਤਾਂ ਵੀ ਨਾ ਕੱਟੀਆਂ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਜੋ ਸੂਬਾ ਅਤੇ ਕੇਂਦਰ ਸਰਕਾਰ ਨੂੰ ਪਰਮਿਟ ਟੈਕਸ ਦਿੱਤਾ ਜਾਂਦਾ ਹੈ, ਉਸ ਵਿੱਚ ਵੀ ਰਾਹਤ ਦੇਣ ਅਤੇ ਉਸ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਹੈ।
ਟੈਕਸੀ ਯੂਨੀਅਨਾਂ ਨੇ ਕਿਹਾ ਕਿ ਬੀਤੇ ਦਿਨੀਂ ਹਜ਼ੂਰ ਸਾਹਿਬ ਗਏ ਸਾਡੇ ਇੱਕ ਟੈਕਸੀ ਡਰਾਈਵਰ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ ਪਰ ਉਸ ਦੇ ਪਰਿਵਾਰ ਨੂੰ ਕਾਫੀ ਸ਼ੋਰ ਮਚਾਉਣ ਤੋਂ ਬਾਅਦ ਵੀ 10 ਲੱਖ ਰੁਪਏ ਦਿੱਤੇ ਗਏ ਜਦੋਂ ਕਿ ਸਰਕਾਰ ਨੇ ਫਰੰਟ ਲਾਈਨ ਅਫਸਰਾਂ ਦੇ ਲਈ 50 ਲੱਖ ਰੁਪਏ ਦੇ ਬੀਮੇ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਟੈਕਸੀ ਡਰਾਈਵਰਾਂ ਦਾ ਵੀ 50 ਲੱਖ ਦਾ ਬੀਮਾ ਕਰਵਾਇਆ ਜਾਵੇ।