ਅੰਮ੍ਰਿਤਸਰ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਤਾਰ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਨਵਾਂ ਕੋਟ ਦਾ ਜਸਨੂਰ ਸਿੰਘ ਵੀ ਸ਼ਾਮਲ ਹੈ। ਜਸਨੂਰ ਸਿੰਘ ਦੇ ਪਰਿਵਾਰ ਦੇ ਦਰਦ ਬਿਆਨ ਕੀਤਾ ਹੈ।
ਜਸਨੂਰ ਸਿੰਘ ਨੇ ਦੱਸਿਆ ਕਿ ਉਹ 17 ਜੂਨ 2024 ਨੂੰ ਘਰ ਤੋਂ ਅਮਰੀਕਾ ਜਾਣ ਦੇ ਲਈ ਰਵਾਨਾ ਹੋਇਆ ਸੀ। ਇਸ ਦੌਰਾਨ ਕਰੀਬ 10 ਦੇਸ਼ਾਂ ਤੋਂ ਹੁੰਦੇ ਹੋਏ ਉਹ 8 ਮਹੀਨਿਆਂ ਬਾਅਦ ਮੈਕਸੀਕੋ ਤੋਂ ਸਰਹੱਦ ਟੱਪਕੇ ਅਮਰੀਕਾ ਵਿੱਚ ਦਾਖਲ ਹੋਇਆ ਸੀ। ਅਮਰੀਕਾ ਵਿੱਚ ਦਾਖਲ ਹੁੰਦੇ ਹੀ ਉਸਨੂੰ ਅਮਰੀਕਾ ਦੀ ਫੌਜ ਨੇ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਉਸ ਨੂੰ ਕਈ ਦਿਨ ਕੈਂਪ ਵਿੱਚ ਰੱਖਣ ਤੋਂ ਬਾਅਦ ਡਿਪੋਰਟ ਕਰ ਦਿੱਤਾ।
55 ਲੱਖ ਕੇ ਗਿਆ ਸੀ ਅਮਰੀਕਾ
ਜਸਨੂਰ ਦੇ ਪਰਿਵਾਰ ਨੇ ਦੱਸਿਆ ਕਿ ਏਜੰਟ ਨੇ ਕਾਨੂੰਨ ਢੰਗ ਨਾਲ ਅਮਰੀਕਾ ਭੇਜਣ ਦੀ ਗੱਲ ਕਹੀ ਸੀ, ਜਿਸ ਲਈ ਅਸੀਂ ਉਸਨੂੰ 55 ਲੱਖ ਰੁਪਏ ਦਿੱਤੇ ਸਨ। ਅਸੀਂ ਆਪਣੇ ਪੁੱਤ ਨੂੰ ਵਿਦੇਸ਼ ਭੇਜਣ ਲਈ ਆਪਣਾ ਸਾਰਾ ਕੁਝ ਵੇਚ ਦਿੱਤਾ ਸੀ ਤੇ ਹੁਣ ਅਸੀਂ ਉਜੜ ਗਏ ਹਾਂ ਕਿਉਂਕਿ ਜਸਨੂਰ ਸਿੰਘ ਨੂੰ ਡਿਪੋਰਟ ਕਰ ਦਿੱਤਾ ਹੈ। ਪੀੜਤ ਪਰਿਵਾਰ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਏਜੰਟਾਂ ਖਿਲਾਫ ਕਾਰਵਾਈ ਕਰੇ ਅਤੇ ਸਾਡੇ ਪੈਸੇ ਦਵਾਏ ਜਾਣ।

ਦੱਸ ਦਈਏ ਕਿ ਹੁਣ ਤੱਕ ਕੁੱਲ 335 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ 5 ਫ਼ਰਵਰੀ ਨੂੰ ਅਮਰੀਕਾ ਵਲੋਂ 104 ਭਾਰਤੀਆਂ ਨੂੰ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ। ਫਿਰ 15 ਫ਼ਰਵਰੀ ਨੂੰ 116 ਡਿਪੋਰਟ ਕੀਤੇ ਭਾਰਤੀਆਂ ਵਾਪਸ ਪਰਤੇ। ਉਸ ਤੋਂ ਬਾਅਦ, 16 ਫ਼ਰਵਰੀ ਨੂੰ 112 ਭਾਰਤੀ ਅਮਰੀਕਾ ਤੋਂ ਡਿਪੋਰਟ ਹੋ ਕੇ ਵਤਨ ਪਰਤੇ ਹਨ।