ਬਠਿੰਡਾ: ਰੱਬ ਨੂੰ ਪਾਉਣਾ ਅਤੇ ਮਿਲਣਾ ਸੌਖਾ ਨਹੀਂ, ਪਰ ਦਵਿੰਦਰ ਤਾਂ ਰੋਜ਼ ਹੀ ਰੱਬ ਨੂੰ ਮਿਲਦਾ ਹੈ। ਜਿਸ ਤੋਂ ਬਾਅਦ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਇੰਨ੍ਹਾਂ ਹੀ ਨਹੀਂ ਰੋਜ਼ ਸਵੇਰੇ ਉੱਠ ਕੇ ਦਵਿੰਦਰ ਆਪਣੀ ਦੂਜੀ ਮਾਂ ਕੋਲ ਵੀ ਜਾਂਦਾ ਹੈ। ਜਿਸ ਨੂੰ ਦੇਖ ਕੇ ਦਵਿੰਦਰ ਦੀ ਪਹਿਲੀ ਮਾਂ ਫੁੱਲੀ ਨਹੀਂ ਸਮਾਉਂਦੀ। ਲੋਕ ਤਾਂ ਰੱਬ ਨੂੰ ਪਾਉਣ ਨੂੰ ਸਖ਼ਤ ਤਪੱਸਿਆ ਕਰਦੇ ਹਨ ਪਰ ਦਵਿੰਦਰ ਨੇ ਰੱਬ ਨੂੰ ਪਾਉਣ ਲਈ ਨਾ ਘਰ ਛੱਡਿਆ ਅਤੇ ਨਾ ਹੀ ਜੰਗਲਾਂ 'ਚ ਜਾ ਕੇ ਤਪੱਸਿਆ ਕੀਤੀ।
ਮੈਂ ਰੱਬ ਨੂੰ ਕਿਵੇਂ ਮਿਲਦਾ ਹਾਂ?
ਅਕਸਰ ਕਿਹਾ ਜਾਂਦਾ ਹੈ ਕਿ ਰੱਬ ਨੂੰ ਮਿਲਣਾ ਸੌਖਾ ਨਹੀਂ, ਅਤੇ ਬੈਠੇ ਬਿਠਾਏ ਕਿਸੇ ਨੂੰ ਵੀ ਰੱਬ ਨਹੀਂ ਮਿਲਦਾ। ਦਵਿੰਦਰ ਵੀ ਕੁੱਝ ਅਜਿਹਾ ਹੀ ਕਹਿੰਦਾ ਹੈ। ਉਸ ਨੇ ਈਟੀਵੀ ਭਾਰਤ ਦੇ ਪੱਤਰਕਾਰ ਅਮਨਦੀਪ ਗੋਸਲ ਨਾਲ ਗੱਲਬਾਤ ਕਰਦੇ ਆਖਿਆ ਕਿ "ਮੈਂ ਰੋਜ਼ ਉੱਠ ਕੇ ਰੱਬ ਕੋਲ ਅਤੇ ਆਪਣੀ ਦੂਜੀ ਮਾਂ ਕੋਲ ਜਾਂਦਾ ਹਾਂ ਤਾਂ ਮੈਨੂੰ ਸਕੂਨ ਮਿਲ ਜਾਂਦਾ ਹੈ।" ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦਵਿੰਦਰ ਦਾ ਕੰਮ ਹੀ ਉਸ ਦਾ ਰੱਬ ਅਤੇ ਦੂਜੀ ਮਾਂ ਹੈ।

ਕਿੰਝ ਮਿਲੀ ਸਫ਼ਲਤਾ?
ਵੈਸੇ ਤਾਂ ਸਿਆਣੇ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਜੇਕਰ ਇਹ ਸ਼ੌਂਕ ਹੀ ਰੁਜ਼ਗਾਰ ਬਣ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਸ਼ੌਂਕ ਨੇ ਅੱਜ ਉਸ ਨੂੰ ਇਸ ਮੁਕਾਮ ਤੱਕ ਪਹੁੰਚਾ ਦਿੱਤਾ ਕਿ ਆਪਣੇ ਪਰਿਵਾਰ ਦਾ ਚੰਗੇ ਢੰਗ ਨਾਲ ਪਾਲਣ-ਪੋਸ਼ਣ ਕਰ ਰਿਹਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੌਤ ਵੀ ਬਣ ਰਿਹਾ ਜੋ ਵਿਦੇਸ਼ ਜਾ ਕੇ ਹੀ ਕਮਾਈ ਕਰਨ ਨੂੰ ਤਰਜੀਹ ਦੇ ਰਹੇ ਹਨ। ਕੁਕਿੰਗ ਦਾ ਸ਼ੌਂਕ ਰੱਖਣ ਵਾਲੇ ਦਵਿੰਦਰ ਸਿੰਘ ਵੱਲੋਂ ਪਹਿਲਾਂ ਫਾਸਟ ਫੂਡ ਦੀ ਰੇਹੜੀ ਲਗਾਈ ਅਤੇ ਫਿਰ ਹੌਲੀ-ਹੌਲੀ ਆਪਣਾ ਛੋਟਾ ਜਿਹਾ ਰੈਸਟੋਰੈਂਟ ਖੋਲ੍ਹਿਆ। ਅੱਜ ਉਹ ਇਸ ਰੈਸਟੋਰੈਂਟ ਤੋਂ ਚੰਗੀ ਆਮਦਨ ਕਮਾ ਰਿਹਾ ਹੈ।

ਸਿਵਲ ਇੰਜੀਨੀਅਰ ਹੈ ਦਵਿੰਦਰ
ਹੈਰਾਨੀ ਦੀ ਗੱਲ ਇਹ ਹੈ ਕਿ ਦਵਿੰਦਰ ਸਿੰਘ ਸਿਵਲ ਇੰਜੀਨੀਅਰ ਹੈ। "ਮੈਂ ਪਹਿਲਾਂ ਆਟੋ ਵੀ ਚਲਾਇਆ, ਕੱਪੜੇ ਦੀ ਦੁਕਾਨ ਵੀ ਖੋਲ੍ਹੀ ਪਰ ਲਾਕਡਾਊਨ 'ਚ ਉਹ ਕੰਮ ਫ਼ੇਲ੍ਹ ਹੋ ਗਏ। ਉਸ ਤੋਂ ਬਾਅਦ ਵਿਦੇਸ਼ ਜਾਣ ਦਾ ਸੋਚਿਆ ਅਤੇ ਆਈਲੈਟਸ ਕੀਤੀ। ਕੰਪਨੀਆਂ ਵੱਲੋਂ ਲੱਖਾਂ ਦੀ ਤਨਖ਼ਾਹ ਦਾ ਆਫ਼ਰ ਵੀ ਆਇਆ ਪਰ ਆਪਣੀ ਮਾਂ ਨੂੰ ਛੱਡ ਕੇ ਜਾਣ ਦਾ ਦਿਲ ਨਹੀਂ ਕੀਤਾ। ਕਿਸੇ ਨਾ ਕਿਸੇ ਤਰੀਕੇ ਢਿੱਡ ਤਾਂ ਭਰਨਾ ਹੀ ਸੀ। ਮਜ਼ਬੂਰੀਆਂ ਨੇ ਬਹੁਤ ਕੁੱਝ ਕਰਵਾਇਆ। ਲੋਕਾਂ ਅਤੇ ਰਿਸ਼ਤੇਦਾਰਾਂ ਨੇ ਬਹੁਤ ਤਾਹਨੇ-ਮਹਿਣੇ ਦਿੱਤੇ ਅਤੇ ਅੱਜ ਵੀ ਦੇ ਰਹੇ ਨੇ ਪਰ ਮੇਰੇ ਪਰਿਵਾਰ ਨੇ ਬਹੁਤ ਸਾਥ ਦਿੱਤਾ।"
ਨੌਜਵਾਨਾਂ ਨੂੰ ਅਪੀਲ਼
ਦਵਿੰਦਰ ਨੇ ਵਿਦੇਸ਼ ਜਾਣ ਦੀ ਰੁਚੀ ਰੱਖਣ ਵਾਲੇ ਨੌਜਵਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਇੱਥੇ ਹੀ ਸਭ ਮਿਹਨਤ ਕਰਕੇ ਅਤੇ ਬਿਨ੍ਹਾਂ ਲੋਕਾਂ ਦੀ ਪਰਵਾਹ ਕੀਤੇ ਕੋਈ ਵੀ ਕੰਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੰਮ ਉਹ ਹੀ ਕਰਨਾ ਚਾਹੀਦਾ ਜੋ ਤੁਸੀਂ ਦਿਲ ਤੋਂ ਕਰੋ ਅਤੇ ਆਪਣੇ ਕੰਮ ਦੀ ਪੂਜਾ ਕਰ ਸਕਦੇ। ਜਿਸ ਕੰਮ ਨੂੰ ਕਰਨ 'ਚ ਤੁਹਾਨੂੰ ਖੁਸ਼ੀ, ਸੰਤੁਸ਼ਟੀ ਅਤੇ ਰੂਹ ਨੂੰ ਸਕੂਨ ਮਿਲੇ ਉਸ ਕੰਮ ਨੂੰ ਕਰਨ 'ਚ ਕਦੇ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ, ਬਸ ਮਨ ਲਗਾ ਕੇ ਕੰਮ ਕਰਦੇ ਜਾਓ ਸਫਲਤਾ ਤੁਹਾਡੇ ਕਦਮ ਚੁੰਮੇਗੀ।