ਲੁਧਿਆਣਾ: ਪੰਜਾਬ ਵਿੱਚ ਕਈ ਥਾਂ 'ਤੇ ਪਰਾਲੀ ਨੂੰ ਲਗਾਤਾਰ ਲਾਈ ਜਾ ਰਹੀ ਅੱਗ ਅਤੇ ਦੀਵਾਲੀ ਮੌਕੇ ਪਟਾਕਿਆਂ ਨੂੰ ਅੱਗ ਲਾਉਣ ਕਾਰਨ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਹਵਾ ਦੀ ਕੁਆਲਿਟੀ ਵੀ ਘੱਟ ਗਈ ਹੈ ਅਤੇ ਲੋਕਾਂ ਨੂੰ ਅੱਖਾਂ 'ਚ ਜਲਨ ਤੇ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।
ਇੱਕ ਬਜ਼ੁਰਗ ਪਤੀ ਪਤਨੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਹ ਅਤੇ ਅੱਖਾਂ ਦੀ ਜਲਣ ਕਾਰਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਹਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡਾ ਸੈਰ ਕਰਨਾ ਵੀ ਔਖਾ ਹੋ ਗਿਆ ਹੈ, ਪ੍ਰਦੂਸ਼ਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ। ਦੂਜੇ ਪਾਸੇ ਹਸਪਤਾਲ ਪਹੁੰਚੇ ਮਰੀਜ਼ਾਂ ਨੇ ਵੀ ਦੱਸਿਆ ਕਿ ਅੱਖਾਂ 'ਚ ਜਲਣ, ਚਮੜੀ ਰੋਗ ਅਤੇ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਕਾਰਨ ਕਾਫ਼ੀ ਸਮੱਸਿਆਵਾਂ ਹੋ ਰਹੀ ਹੈ।
ਲੁਧਿਆਣਾ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਕਾਰਨ ਅਤੇ ਬੀਤੇ ਦਿਨੀਂ ਚਲਾਏ ਗਏ ਪਟਾਕਿਆਂ ਕਾਰਨ ਲੁਧਿਆਣਾ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ।
ਅੱਖਾਂ ਦੀ ਮਾਹਰ ਡਾਕਟਰ ਨੇ ਕਿਹਾ ਕਿ ਰੋਜ਼ਾਨਾ 10 ਵਿੱਚੋਂ 2 ਮਰੀਜ਼ ਅੱਖਾਂ ਦੀ ਜਲਨ ਦੇ ਆ ਰਹੇ ਹਨ ਜੋ ਪ੍ਰਦੂਸ਼ਣ ਦੇ ਵੱਧਦੇ ਪੱਧਰ ਕਾਰਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਜਲਨ ਜ਼ਿਆਦਾ ਹੁੰਦੀ ਹੈ ਤਾਂ ਉਹ ਡਾਕਟਰ ਕੋਲ ਜ਼ਰੂਰ ਪਹੁੰਚ ਕਰਨ, ਨਾਲ ਹੀ ਪ੍ਰਦੂਸ਼ਣ ਦੌਰਾਨ ਜੇਕਰ ਅੱਖਾਂ ਲਾਲ ਹੁੰਦੀਆਂ ਹਨ ਤਾਂ ਅੱਖਾਂ ਨੂੰ ਨਾ ਮਲਣ, ਕਿਉਂਕਿ ਇਸ ਨਾਲ ਅੱਖਾਂ ਦੀ ਪੁਤਲੀ ਤੱਕ ਇਹ ਜਲਨ ਪਹੁੰਚ ਸਕਦੀ ਹੈ ਜਿਸ ਨਾਲ ਹਮੇਸ਼ਾ ਲਈ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ।