ਲੁਧਿਆਣਾ: ਪਿੰਡ ਥਰੀਕੇ ਦੇ ਵਿੱਚ ਬੀਤੇ ਦਿਨ ਦੀਪਕ ਸਿੰਗਲਾ ਨਾਂਅ ਦੇ ਪਟਵਾਰੀ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਹਮਲੇ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਹਮਲਾ ਪਿੰਡ ਦੇ ਪੁਰਾਣੇ ਪਟਵਾਰੀ ਜਸਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਪਟਵਾਰੀ ਜਸਪ੍ਰੀਤ ਸਿੰਘ ਬੀਤੇ ਲੰਮੇ ਸਮੇਂ ਤੋਂ ਥਰੀਕੇ ਵਿੱਚ ਤੈਨਾਤ ਸੀ ਤੇ ਆਪਣੀ ਬਦਲੀ ਨੂੰ ਰੋਕਣ ਲਈ ਹੀ ਉਸ ਵੱਲੋਂ ਪਟਵਾਰੀ ਦੀਪਕ ਸਿੰਗਲਾ ਦੇ ਹਮਲਾ ਕਰਵਾਇਆ ਗਿਆ। ਪਟਵਾਰੀ ਦੀਪਕ ਸਿੰਗਲਾ ਨੇ ਮਹਿਜ਼ ਦੋ ਦਿਨ ਪਹਿਲਾਂ ਹੀ ਥਰੀਕੇ ਜੁਆਈਨ ਕੀਤਾ ਸੀ।
ਦੱਸਣਯੋਗ ਹੈ ਕਿ ਇਹ ਪੂਰੀ ਸਾਜ਼ਿਸ਼ ਮਹਿਜ਼ ਆਪਣੀ ਬਦਲੀ ਨੂੰ ਰੋਕਣ ਨੂੰ ਲੈ ਕੇ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਇਹ ਅੰਨ੍ਹੇ ਹਮਲੇ ਦੀ ਗੁੱਥੀ ਨੂੰ ਪੁਲਿਸ ਵੱਲੋਂ ਕਾਫ਼ੀ ਮੁਸਤੈਦੀ ਨਾਲ ਦੋ ਦਿਨਾਂ ਨੇ ਅੰਦਰ ਅੰਦਰ ਸੁਲਝਾ ਲਿਆ ਗਿਆ।
ਇਹ ਵੀ ਪੜ੍ਹੋ: ਹੁਸੈਨੀਵਾਲਾ ਰੋਡ ਕੋਲ ਮਿਲੇ 8 ਤੋਂ 10 ਮੋਰਟਾਰ ਸ਼ੈੱਲ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਵਿੱਚ ਥਰੀਕੇ ਤੋਂ ਪੁਰਾਣਾ ਪਟਵਾਰੀ ਜਸਪ੍ਰੀਤ ਸਿੰਘ ਸਣੇ ਹਮਲਾ ਕਰਨ ਵਾਲੇ 3 ਮੁਲਜ਼ਮ ਸ਼ਾਮਿਲ ਹਨ। ਜਦੋਂ ਕਿ 3 ਮੁਲਜ਼ਮ ਹਾਲੇ ਵੀ ਫ਼ਰਾਰ ਹਨ। ਉਨ੍ਹਾਂ ਨੇ ਦੱਸਿਆ ਕਿ ਪੁਰਾਣੇ ਪਟਵਾਰੀ ਜਸਪ੍ਰੀਤ ਸਿੰਘ ਨੇ ਪਟਵਾਰੀ ਦੀਪਕ ਸਿੰਗਲਾ ਨੂੰ ਉੱਥੋਂ ਡਰਾ ਕੇ ਭਜਾਉਣ ਲਈ 30 ਹਜ਼ਾਰ ਦੀ ਸੁਪਾਰੀ ਦਿੱਤੀ ਸੀ। ਪੁਲਿਸ ਵੱਲੋਂ ਵਾਰਦਾਤ ਸਮੇਂ ਵਰਤੇ ਗਏ ਤਿੰਨ ਦਾਤਰ ਤੇ ਦੋ ਮੋਟਰਸਾਈਕਲ ਬਰਾਮਦ ਕਰ ਲਏ ਹਨ ਤੇ ਮਾਮਲੇ ਦੀ ਤਫਤੀਸ਼ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ: ਸਰਕਾਰ POK ਉੱਤੇ ਫ਼ੈਸਲਾ ਲਵੇ, ਫ਼ੌਜ ਐਕਸ਼ਨ ਲਈ ਤਿਆਰ: ਬਿਪਿਨ ਰਾਵਤ
ਜ਼ਿਕਰੇਖ਼ਾਸ ਹੈ ਕਿ 10 ਸਤੰਬਰ ਨੂੰ ਪਟਵਾਰੀ ਦੀਪਕ ਸਿੰਗਲਾ 'ਤੇ ਉਸ ਦੇ ਦਫ਼ਤਰ ਵਿੱਚ ਕੁੱਝ ਅਣਪਛਾਤੇ ਵਿਆਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਪਟਵਾਰੀ ਦੀਪਕ ਸਿੰਗਲਾ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।