ਲੁਧਿਆਣਾ: ਸੂਬੇ ਵਿੱਚ ਅਪਰਾਧਿਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਜ਼ਿਲ੍ਹੇ ਦੀ ਪੁਲਿਸ ਨੇ ਕਾਰ ਲੁੱਟ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇੱਕ ਕਾਰ ਦੀ ਲੁੱਟ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਦੇ ਕੋਲ ਪਿਸਤੌਲ ਦੀ ਨੋਕ ’ਤੇ ਹੋਈ ਸੀ। ਜਾਣਕਾਰੀ ਅਨੁਸਾਰ ਤਿੰਨ ਨੌਜਵਾਨਾਂ ਵੱਲੋਂ ਲੋਕਲ ਐੱਪ ਉਪਰ ਗੱਡੀ ਬੁੱਕ ਕਰਵਾਈ ਗਈ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਪਿਸਤੌਲ ਦੀ ਨੋਕ ’ਤੇ ਗੱਡੀ ਲੈ ਗਏ ਅਤੇ ਡਰਾਇਵਰ ਕੋਲੋਂ 2000 ਰੁਪਏ ਦੀ ਵੀ ਲੁੱਟ ਕੀਤੀ। ਇਸ ਮਾਮਲੇ ਵਿੱਚ ਹੁਣ ਪੁਲਿਸ ਨੇ ਤਿੰਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕਾਰ ਬਰਾਮਦ ਕੀਤੀ ਹੈ ਅਤੇ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਲੁਧਿਆਣਾ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਪਹਿਲਾਂ ਲੁੱਟੇ ਮੋਬਾਇਲ ਉੱਤੇ ਗੱਡੀ ਬੁੱਕ ਕਰਵਾਈ ਅਤੇ ਲਾਡੋਵਾਲ ਟੋਲ ਪਲਾਜ਼ਾ ਦੇ ਕੋਲ ਪਿਸਤੌਲ ਦੇ ਅਧਾਰ ’ਤੇ ਗੱਡੀ ਖੋਹ ਲਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਮੁਸਤੈਦੀ ਨਾਲ ਕੰਮ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਨੇ ਕਿਹਾ ਕਿ ਮੁਲਜ਼ਮਾਂ ਉਪਰ ਪਹਿਲਾਂ ਵੀ ਮੁਕੱਦਮੇ ਦਰਜ ਹਨ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਪਿਸਤੌਲ ਛਰੇ ਵਾਲੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਪੈਸੇ ਇਕੱਠੇ ਕਰਕੇ ਵਿਦੇਸ਼ ਜਾਣਾ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮੁਹਾਲੀ ਧਮਾਕੇ ਤੋਂ ਬਾਅਦ ਅਲਰਟ ’ਤੇ ਪੰਜਾਬ ਪੁਲਿਸ, ਕੀਤੀ ਜਾ ਰਹੀ ਚੈਕਿੰਗ