ਲੁਧਿਆਣਾ: ਪੰਜਾਬ ਵਿੱਚ ਆਉਂਦੇ 2 ਦਿਨ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਲਗਾਤਾਰ ਪੱਛਮੀ ਚੱਕਰਵਾਤ ਦੇ ਚੱਲਦਿਆਂ ਇਹ ਬਰਸਾਤ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਪੈ ਰਹੀ ਹੈ। ਲੁਧਿਆਣਾ ਵਿੱਚ ਕੱਲ੍ਹ ਤੋਂ ਬਾਰਿਸ਼ ਪੈ ਰਹੀ ਹੈ, ਬਦਲ ਰਹੇ ਮੌਸਮ ਦੇ ਮਿਜਾਜ਼ ਨੂੰ ਲੈਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਦਾਅਵਾ ਕੀਤਾ ਹੈ ਕਿ ਆਈ ਐਮ ਡੀ ਦੀ ਰਿਪੋਰਟ ਦੇ ਮੁਤਾਬਕ 3 ਤਰੀਕ ਤੱਕ ਓਰੇਂਜ਼ ਅਲਰਟ ਅਤੇ 4 ਤਰੀਕ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 5 ਤਰੀਕ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ।
ਆਈ ਐਮ ਡੀ ਵੱਲੋਂ ਅਲਰਟ ਜਾਰੀ ਕੀਤਾ ਗਿਆ: ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਆਈ ਐਮ ਡੀ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹੈ। ਪੀਏਯੂ ਮੌਸਮ ਵਿਭਾਗ ਦੀ ਮੁਖੀ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਅਪ੍ਰੈਲ ਮਹੀਨੇ ਵਿੱਚ ਵੀ ਪੱਛਮੀ ਚੱਕਰਵਾਤ ਕਰਕੇ ਬਾਰਿਸ਼ ਹੋਈ ਸੀ ਅਤੇ ਮਈ ਮਹੀਨੇ ਵਿੱਚ ਵੀ ਨਵੇਂ ਸਾਈਕਲੋਨ ਬਣਨ ਕਰਕੇ ਮੌਸਮ ਦੇ ਵਿੱਚ ਇਹ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ 5 ਮਈ ਤੱਕ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਰਹੇਗਾ ਪਰ 5 ਮਈ ਤੋਂ ਬਾਅਦ ਮੁੜ ਤੋਂ ਮੌਸਮ ਸਾਫ ਹੋ ਜਾਵੇਗਾ।ਉਨ੍ਹਾਂ ਕਿਹਾ ਮੀਂਹ ਕਰਕੇ ਪੰਜਾਬ ਦੇ ਵਿੱਚ ਮੌਜੂਦਾ ਹਾਲਾਤਾਂ ਦੇ ਅੰਦਰ ਤਾਪਮਾਨ ਵੀ ਕਾਫੀ ਥੱਲੇ ਚੱਲ ਗਿਆ ਹੈ ਜਿਸ ਕਰਕੇ ਗਰਮੀ ਦੇ ਪ੍ਰਕੋਪ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ ਹੈ।
ਕਿਸਾਨਾਂ ਨੂੰ ਮੌਸਮ ਵਿਭਾਗ ਦੀ ਸਲਾਹ: ਕਿਸਾਨ ਭਰਾਵਾਂ ਲਈ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਕਣਕ ਦੀ ਫਸਲ ਹਾਲੇ ਵੀ ਖੇਤਾਂ ਵਿੱਚ ਖੜ੍ਹੀ ਹੈ। ਉਨ੍ਹਾਂ ਨੂੰ ਤੁਰੰਤ ਇਹ ਫਸਲ ਕੱਟ ਲੈਣੀ ਚਾਹੀਦੀ ਹੈ ਅਤੇ ਫ਼ਸਲ ਵੱਢਣ ਲਈ ਜ਼ਿਆਦਾ ਉਡੀਕ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਹੁਣ ਦੋ ਦਿਨ ਤੱਕ ਬਾਰਿਸ਼ ਹੈ ਉਸ ਤੋਂ ਬਾਅਦ ਕਿਸਾਨ ਆਪਣੇ ਖੇਤ ਵਿਹਲੇ ਕਰ ਸਕਦੇ ਨੇ। ਉਨ੍ਹਾਂ ਕਿਹਾ ਕਿ ਬੇਮੌਸਮੀ ਬਰਸਾਤ ਕਣਕ ਦੀ ਫਸਲ ਲਈ ਖਾਸ ਚੰਗੀ ਨਹੀਂ ਹੈ ਜਿਨ੍ਹਾਂ ਕਿਸਾਨਾਂ ਵੱਲੋਂ ਅਗੇਤੀ ਕਣਕ ਬੀਜੀ ਗਈ ਸੀ ਉਹ ਹੁਣ ਫਸਲ ਕੱਟ ਚੁੱਕੇ ਨੇ ਪਰ ਕਈ ਕਿਸਾਨਾਂ ਨੇ ਫਸਲ ਦੀ ਬਿਜਾਈ ਲੇਟ ਕੀਤੀ ਸੀ। ਮੌਸਮ ਵਿਗਿਆਨੀ ਨੇ ਕਿਹਾ ਕਿ ਫਸਲ ਦੀ ਬਿਜਾਈ ਦੇਰੀ ਨਾਲ ਕਰਨ ਵਾਲੇ ਕਿਸਾਨਾਂ ਨੂੰ ਵੀ ਹੁਣ ਫਸਲ ਕੱਟ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪੰਜਾਬ ਦਾ ਨਾਂ ਕੀਤਾ ਰੌਸ਼ਨ, ਏਸ਼ੀਅਨ ਕੁਰਾਸ਼ ਚੈਂਪੀਅਨਸ਼ਿਪ ਚੀਨ 'ਚ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਜਿੱਤੇ ਮੈਡਲ