ਲੁਧਿਆਣਾ: ਭੂਚਾਲ ਵਰਗੇ ਹਾਲਾਤ ਪੈਦਾ ਹੁੰਦੇ ਹਨ, ਤਾਂ ਲੁਧਿਆਣਾ ਵਿੱਚ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਨੁਕਸਾਨ ਹੋਵੇਗਾ। ਮਾਹਿਰ ਕੌਮੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਕਮਲਜੀਤ ਸੋਈ ਨੇ ਦੱਸਿਆ ਕਿ ਲੁਧਿਆਣਾ ਪੁਰਾਣਾ ਸ਼ਹਿਰ ਹੋਣ ਕਰਕੇ ਇੱਥੇ ਇਮਾਰਤਾਂ ਵੀ ਪੁਰਾਣੀਆਂ ਹਨ ਅਤੇ ਪੁਰਾਣੇ ਸ਼ਹਿਰ ਵਿੱਚ ਤੰਗ ਗਲੀਆਂ ਦੇ ਅੰਦਰ ਵਸੋਂ ਵਧੇਰੇ ਰਹਿੰਦੀ ਹੈ। ਭੂਚਾਲ ਵਰਗੇ ਹਾਲਾਤ ਪੈਦਾ ਹੋਣ ਨਾਲ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲੇਗਾ। ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਮੰਨਣਾ ਹੈ ਕਿ 75 ਫੀਸਦੀ ਲੁਧਿਆਣਾ ਅਸੁਰੱਖਿਅਤ ਹੈ, ਜਿੱਥੇ ਅਣਸੁਖਾਵੀਂ ਘਟਨਾਵਾਂ ਦਾ ਅਕਸਰ ਹੀ ਡਰ ਰਹਿੰਦਾ ਹੈ।
75 ਫੀਸਦੀ ਲੁਧਿਆਣਾ ਅਸੁਰੱਖਿਅਤ: ਲੁਧਿਆਣਾ ਫਾਇਰ ਬ੍ਰਿਗੇਡ ਅਫਸਰ ਸਵਰਨ ਚੰਦ ਨੇ ਦੱਸਿਆ ਕਿ ਲੁਧਿਆਣਾ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਹੋਇਆ ਹੈ ਜਿਸ ਵਿੱਚ ਏ, ਬੀ, ਸੀ ਅਤੇ ਡੀ ਜ਼ੋਨ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਏ, ਬੀ ਅਤੇ ਸੀ ਜ਼ੋਨ ਸਭ ਤੋਂ ਵਧੇਰੇ ਅਸੁਰੱਖਿਅਤ ਹਨ। ਉਨ੍ਹਾ ਦੱਸਿਆ ਕਿ ਇਨ੍ਹਾਂ ਤਿੰਨਾ ਜ਼ੋਨਾਂ ਵਿੱਚ 75 ਫੀਸਦੀ ਲੁਧਿਆਣਾ ਦੀ ਵਸੋਂ ਰਹਿੰਦੀ ਹੈ। ਇਨ੍ਹਾਂ ਤਿੰਨਾਂ ਜ਼ੋਨਾਂ ਵਿੱਚ ਪੁਰਾਣਾ ਲੁਧਿਆਣਾ ਵੱਸਦਾ ਹੈ, ਜਿੱਥੇ ਸੰਘਣੀ ਆਬਾਦੀ ਹੈ ਅਤੇ ਇਮਾਰਤਾਂ ਵੀ ਅਸੁਰੱਖਿਅਤ ਹਨ। ਸਵਰਨ ਚੰਦ ਨੇ ਦੱਸਿਆ ਕਿ ਲੁਧਿਆਣਾ ਵਿੱਚ ਜ਼ਿਆਦਤਰ ਜਿੰਨੀਆਂ ਵੱਡੀਆਂ ਇਮਾਰਤਾਂ ਹਨ, ਉਨ੍ਹਾ ਵੱਲੋਂ ਸੇਫਟੀ ਦੇ ਸਰਟੀਫਿਕੇਟ ਵੀ ਨਹੀਂ ਲਏ ਜਾਂਦੇ।
ਕਿੰਨੀਆਂ ਨੇ ਲਈ ਐਨਓਸੀ: ਲੁਧਿਆਣਾ ਦੇ ਫਾਇਰ ਅਫ਼ਸਰ ਸਵਰਨ ਚੰਦ ਨੇ ਕਿਹਾ ਕਿ ਬੀਤੇ ਇਕ ਸਾਲ ਵਿੱਚ ਉਨ੍ਹਾਂ ਦੇ ਵਿਭਾਗ ਵਲੋਂ 1625 ਐਨਓਸੀ (NOC) ਜਾਰੀ ਕੀਤੀਆਂ ਗਈਆਂ ਹਨ। ਜਦਕਿ, ਇਮਾਰਤਾਂ ਦੀ ਉਸਾਰੀ ਦੀ ਗਿਣਤੀ ਇਸ ਤੋਂ ਕੀਤੇ ਜ਼ਿਆਦਾ ਹੈ। ਉਨ੍ਹਾ ਕਿਹਾ ਕਿ ਹਾਲਾਂਕਿ ਪੁਰਾਣੀ ਇਮਾਰਤਾਂ ਜਿਹੜੀਆਂ ਬਣ ਚੁੱਕੀਆਂ ਹਨ, ਉਨ੍ਹਾ ਨੂੰ ਛੱਡ ਦੇਈਏ ਤਾਂ ਨਵੀਂਆਂ ਫੈਕਟਰੀਆਂ ਵਾਲੀਆਂ ਇਮਾਰਤਾਂ ਲਈ ਸੁਰੱਖਿਆ ਸਰਟੀਫਿਕੇਟ ਲੈਣੇ ਬੇਹੱਦ ਜ਼ਰੂਰੀ ਹਨ। ਉਨ੍ਹਾ ਕਿਹਾ ਕਿ ਸਾਡਾ ਵਿਭਾਗ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਤਿਆਰ ਹੈ, ਪਰ ਲੋਕਾਂ ਨੂੰ ਵੀ ਇਮਰਤਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ।
ਮਾਹਿਰ ਦੀ ਰਾਏ - ਪੁਰਾਣੀਆਂ ਇਮਾਰਤਾਂ ਤੇ ਤੰਗ ਗਲੀਆਂ, ਖ਼ਤਰਾ ਵੱਧ : ਕੌਮੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਕਮਲਜੀਤ ਸੋਈ ਨਾਲ ਜਦੋਂ ਅਸੀਂ ਇਸ ਸਬੰਧੀ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਲੁਧਿਆਣਾ ਅਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਘੱਟ ਥਾਂ ਦੇ ਅੰਦਰ ਅਬਾਦੀ ਵਧੇਰੇ ਹੈ। ਲੁਧਿਆਣਾ ਦੀ 50 ਲੱਖ ਦੇ ਕਰੀਬ ਆਬਾਦੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਰਾਣਾ ਸ਼ਹਿਰ ਹੋਣ ਕਰਕੇ, ਇੱਥੇ ਪੁਰਾਣੀਆਂ ਇਮਾਰਤਾਂ ਹਨ ਤੇ ਤੰਗ ਗਲੀਆਂ ਹੋਣ ਕਰਕੇ ਲੁਧਿਆਣਾ ਵਿੱਚ ਭੂਚਾਲ ਆਉਣ ਦੀ ਸਥਿਤੀ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ।
ਕਮਲਜੀਤ ਸੋਈ ਨੇ ਕਿਹਾ ਕਿ ਇਸ ਸੰਬੰਧੀ ਨਗਰ ਨਿਗਮ ਅਤੇ ਪੀਡਬਲਿਊਡੀ ਨੂੰ ਸਾਂਝਾ ਉੱਦਮ ਕਰਨਾ ਚਾਹੀਦਾ ਹੈ ਅਤੇ ਜਿੰਨੀਆਂ ਵੀ ਨਵੀਆਂ ਇਮਾਰਤਾਂ ਬਣ ਰਹੀਆਂ ਹਨ, ਉਨ੍ਹਾਂ ਨੂੰ ਹਰ ਪੱਖ ਤੋਂ ਸੁਰੱਖਿਅਤ ਹੋਣ ਸਬੰਧੀ ਸਰਟੀਫਿਕੇਟ ਦੇਣੇ ਚਾਹੀਦੇ ਹਨ। ਉਸ ਤੋਂ ਬਾਅਦ ਉਸ ਇਮਾਰਤ ਨੂੰ ਉਸਾਰੀ ਦੀ ਆਗਿਆ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਨਵੀਆਂ ਇਮਾਰਤਾਂ ਬਣ ਰਹੀਆਂ ਹਨ, ਉਹ ਭੂਚਾਲ ਪਰੂਫ਼ ਤਾਂ ਲਾ ਕੇ ਨਹੀਂ ਬਣਾਈਆਂ ਜਾ ਸਕਦੀਆਂ, ਪਰ ਭੂਚਾਲ ਦੇ ਝੱਟਕੇ ਵੱਧ ਤੋਂ ਵੱਧ ਝੱਲਣ ਦੀ ਸਮਰੱਥਾ ਵਾਲੀਆਂ ਜ਼ਰੂਰ ਬਣਾਈਆਂ ਜਾ ਸਕਦੀਆਂ ਹਨ ਜਿਸ ਪਾਸੇ ਵਿਭਾਗ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਲੁਧਿਆਣਾ ਦੀਆਂ ਅਸੁਰੱਖਿਅਤ ਇਮਾਰਤਾਂ: ਲੁਧਿਆਣਾ ਵਿੱਚ ਕੁੱਲ 132 ਅਸੁਰੱਖਿਅਤ ਇਮਾਰਤਾਂ ਹਨ ਜਿਹੜੀਆਂ ਬੀਤੇ ਤਿੰਨ ਸਾਲਾਂ ਤੋਂ ਆਪਣੀ ਖਸਤਾ ਹਾਲਤ ਵਿੱਚ ਹਨ। ਕਿਸੇ ਵੇਲ੍ਹੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੀਆਂ ਹਨ। ਇੰਨਾਂ ਹੀ ਨਹੀਂ, ਲੁਧਿਆਣਾ ਵਿੱਚ ਧੱੜਲੇ ਨਾਲ ਹੋਈ ਗੈਰ ਕਨੂੰਨੀ ਇਮਾਰਤਾਂ ਦੀ ਉਸਾਰੀ ਵੀ ਹੋਰ ਖਤਰਾ ਵਧਾ ਦਿੰਦੀ ਹੈ। ਕਾਰਪੋਰੇਸ਼ਨ ਦੇ ਰਿਕਾਰਡ ਦੇ ਮੁਤਾਬਿਕ ਇਕੱਲੇ A ਜ਼ੋਨ ਵਿੱਚ ਹੀ 100 ਸਾਲ ਤੋਂ ਵਧੇਰੇ ਪੁਰਾਣੀਆਂ ਹੋ ਚੁੱਕੀਆਂ 64 ਦੇ ਕਰੀਬ ਇਮਾਰਤਾਂ ਹਨ, ਜੋ ਪੁਰਾਣੇ ਸ਼ਹਿਰ ਵਿੱਚ ਸਥਿਤ ਹਨ। ਇਨ੍ਹਾਂ ਨੂੰ ਹੁਣ ਢਾਹੁਣਾ ਵੀ ਕਾਰਪੋਰੇਸ਼ਨ ਲਈ ਵੱਡਾ ਚੈਲੇਂਜ ਹੈ। ਜ਼ੋਨ B ਵਿੱਚ 21, ਜ਼ੋਨ C ਵਿੱਚ 14, ਜਦਕਿ ਜ਼ੋਨ D ਵਿੱਚ 33 ਇਮਾਰਤਾਂ ਸਥਿਤ ਹਨ।