ਲੁਧਿਆਣਾ: ਇਥੋਂ ਦੀ ਪੁਲਿਸ ਨੂੰ ਉਸ ਵੇਲ੍ਹੇ ਵੱਡੀ ਕਾਮਯਾਬੀ ਮਿਲੀ ਜਦੋਂ ਅੱਜ ਫੈਕਟਰੀਆਂ ਵਿੱਚ ਲੁੱਟਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਮੁਖੀ ਸਰਗਨਾ ਸਣੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜ਼ਮਾਂ ਨੂੰ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਯੋਜਨਾ ਬਣਾਉਣ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਕ੍ਰਾਇਮ ਬਰਾਂਚ ਦੇ ਡੀਸੀਪੀ ਨੇ ਪ੍ਰੈੱਸ ਕਾਨਫਰੰਸ ਕਰ ਸਾਂਝੀ ਕੀਤੀ।
ਡੀਸੀਪੀ ਐਸ.ਪੀ.ਐਸ ਢੀਂਡਸਾ ਨੇ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਵੱਲੋਂ ਲਗਾਤਾਰ ਫੈਕਟਰੀਆਂ ਵਿੱਚ ਲੁਟਾ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖ਼ਤ ਮੁਹੰਮਦ ਸ਼ੁਏਬ, ਮੁਹੰਮਦ ਜਾਵੇਦ, ਸੋਨੂੰ ਹੁਸੈਨ, ਮੁਹੰਮਦ ਮੁਬਾਰਕ ਅਤੇ ਸਲੀਮ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਹੰਮਦ ਸ਼ੁਏਬ ਉੱਤੇ 7 ਜਦੋਂ ਕਿ ਸਲੀਮ ਬੱਗਰ ਉੱਤੇ 8 ਮਾਮਲੇ ਵੱਖ-ਵੱਖ ਧਰਾਵਾਂ ਤਹਿਤ ਪਹਿਲਾਂ ਹੀ ਦਰਜ ਹਨ। ਉਨ੍ਹਾਂ ਕਿਹਾ ਕਿ ਮੁਹੰਮਦ ਜਾਹਿਦ ਛੋਟਾ ਡੋਨ ਦੇ ਨਾਂਅ ਤੋਂ ਮਸ਼ਹੂਰ ਹੈ।
ਡੀਸੀਪੀ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਪੁਲਿਸ ਨੂੰ ਤੇਜ਼ਧਾਰ ਹਥਿਆਰਾਂ ਤੋਂ ਇਲਾਵਾ 500 ਤੋਂ ਵੱਧ ਜੈਕਟਾਂ ਅਤੇ 600 ਤੋਂ ਵੱਧ ਸਵੈਟ ਸ਼ਰਟ ਬਰਾਮਦ ਹੋਈਆਂ ਹਨ ਅਤੇ ਇੱਕ mahindra ਪਿਕਅੱਪ ਵੀ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ ਅਤੇ ਪੁਲਿਸ ਲੰਮੇ ਸਮੇਂ ਤੋਂ ਇਨ੍ਹਾਂ ਦੀ ਭਾਲ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਥਾਣਾ ਮਿਹਰਬਾਨ ਦੇ ਅਧੀਨ ਇਨ੍ਹਾਂ ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਰਿਮਾਂਡ ਹਾਸਲ ਕੀਤੀ ਜਾ ਰਹੀ ਹੈ।