ਲੁਧਿਆਣਾ: ਸ਼ਹਿਰ ਦੇ ਈਐੱਸਆਈ ਹਸਪਤਾਲ ਦੇ ਡਾਕਟਰਾਂ ਵੱਲੋਂ ਆਪ੍ਰੇਸ਼ਨ ਦੌਰਾਨ ਵੱਡੀ ਲਾਪਰਵਾਹੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਮਿਲਦਿਆਂ ਹੀ ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ ਹਸਪਤਾਲ ਪੁੱਜੇ ਅਤੇ ਡਾਕਟਰਾਂ ਨੂੰ ਝਾੜ ਪਾਈ।
ਲੁਧਿਆਣਾ ਦੇ ਈਐੱਸਆਈ ਹਸਪਤਾਲ ਵਿੱਚ ਡਾਕਟਰਾਂ ਨੇ ਆਪਰੇਸ਼ਨ ਦੌਰਾਨ ਇੱਕ ਵੱਡਾ ਕੱਪੜਾ ਮਰੀਜ਼ ਦੇ ਢਿੱਡ ਵਿੱਚ ਹੀ ਛੱਡ ਦਿੱਤਾ ਅਤੇ ਇਸ ਦਾ ਪਤਾ ਮਰੀਜ਼ ਨੂੰ ਇੱਕ ਮਹੀਨੇ ਬਾਅਦ ਨਿੱਜੀ ਹਸਪਤਾਲ ਜਾ ਕੇ ਲੱਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਬੈਂਸ ਨੂੰ ਕੀਤੀ।
ਹਾਲਾਂਕਿ ਈਐੱਸਆਈ ਹਸਪਤਾਲ ਦੇ ਡਾਕਟਰਾਂ ਨੇ ਕੱਪੜਾ ਉਨ੍ਹਾਂ ਦੇ ਹਸਪਤਾਲ ਦਾ ਨਾ ਹੋਣ ਦੀ ਗੱਲ ਆਖੀ ਹੈ ਅਤੇ ਕਿਹਾ ਕਿ ਫਿਰ ਵੀ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ। ਇਸ ਸਬੰਧੀ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਭੈਣ ਦਾ ਆਪ੍ਰੇਸ਼ਨ ਈਐੱਸਆਈ ਹਸਪਤਾਲ ਤੋਂ ਕਰਵਾਇਆ ਸੀ। ਟਾਂਕੇ ਲਗਾਉਣ ਤੋਂ ਬਾਅਦ ਜਦੋਂ ਉਹ ਨਿੱਜੀ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਭੈਣ ਦੇ ਸਰੀਰ 'ਚ ਇੱਕ ਵੱਡਾ ਕੱਪੜਾ ਛੱਡ ਦਿੱਤਾ ਗਿਆ ਹੈ।
ਦੂਜੇ ਪਾਸੇ ਬੈਂਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਜ਼ਿੰਮੇਵਾਰ ਡਾਕਟਰ ਹੈ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਉੱਧਰ ਈਐੱਸਆਈ ਹਸਪਤਾਲ ਦੀ ਮੁਖੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਹਾਲਾਂਕਿ ਕੱਪੜਾ ਉਨ੍ਹਾਂ ਦੇ ਹਸਪਤਾਲ ਦਾ ਨਹੀਂ ਲੱਗ ਰਿਹਾ ਪਰ ਫਿਰ ਵੀ ਉਹ ਸਬੰਧਤ ਡਾਕਟਰ ਤੋਂ ਇਸ ਸਬੰਧੀ ਸਵਾਲ ਜ਼ਰੂਰ ਕਰਨਗੇ।