ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਕਰਫਿਊ ਜਾਰੀ ਹੈ ਅਤੇ ਇਸ ਦੌਰਾਨ ਲੋਕਾਂ ਦੀਆਂ ਘਰੇਲੂ ਵਰਤੋਂ ਦੀਆਂ ਚੀਜ਼ਾਂ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਲਗਾਤਾਰ ਉਪਰਾਲੇ ਕਰ ਰਿਹਾ ਹੈ। ਲੋਕਾਂ ਕੋਲ ਰੋਜ਼ਗਾਰ ਨਾ ਹੋਣ ਕਾਰਨ ਜਨਤਾ ਤੋਂ ਬੋਝ ਘਟਾਓਣ ਲਈ ਪ੍ਰਸ਼ਾਸਨ ਨੇ ਸਬਜ਼ੀਆਂ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਹਨ ਅਤੇ ਇਨ੍ਹਾਂ ਕੀਮਤਾਂ 'ਤੇ ਹੀ ਰਿਹੜੀ ਨਾਲੇ ਅੱਗੇ ਸਬਜ਼ੀ ਮੰਡੀ ਤੋਂ ਸਬਜ਼ੀ ਲਿਆ ਕੇ ਲੋਕਾਂ ਦੇ ਘਰ ਤੱਕ ਸਪਲਾਈ ਕਰਦੇ ਹਨ। ਮੰਡੀ ਵਿੱਚ ਵੀ ਵੱਡੇ ਠੇਕੇਦਾਰਾਂ ਨੂੰ ਹੀ ਜਾਣ ਦੀ ਇਜਾਜ਼ਾਤ ਹੈ।
ਸਬਜ਼ੀ ਖਰੀਦਣ ਆਏ ਲੋਕਾਂ ਨੇ ਦੱਸਿਆ ਕਿ ਲੋਕਾਂ ਦੇ ਘਰਾਂ ਤੱਕ ਸਬਜ਼ੀਆਂ ਸਪਲਾਈ ਕਰਨ ਵਾਲੇ ਰੇਹੜੀਆਂ ਵਾਲਿਆਂ ਦੀਆਂ ਕੀਮਤਾਂ ਮੰਡੀ ਦੀਆਂ ਕੀਮਤਾਂ ਤੋਂ ਕੁੱਝ ਵੱਧ ਜ਼ਰੂਰ ਹੁੰਦੀਆਂ ਹਨ ਪਰ ਉਨ੍ਹਾਂ ਲੋਕਾਂ ਨੇ ਵੀ ਪੈਸੇ ਕਮਾਉਣੇ ਹਨ ਇਸ ਕਰਕੇ ਲੋਕ ਉਨ੍ਹਾਂ ਤੋਂ ਹੀ ਸਬਜ਼ੀ ਖਰੀਦ ਲੈਂਦੇ ਹਨ।
ਉਧਰ ਸਬਜ਼ੀ ਵੇਚਣ ਵਾਲੇ ਠੇਕੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਿਰਧਾਰਿਤ ਕੀਮਤਾਂ 'ਤੇ ਹੀ ਸਬਜ਼ੀ ਵੇਚੀ ਜਾਂਦੀ ਹੈ ਜੋ ਮੰਡੀ ਬੋਰਡ ਅਤੇ ਪ੍ਰਸ਼ਾਸਨ ਵੱਲੋਂ ਤੈਅ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਬਜ਼ੀਆਂ ਦੀ ਸਪਲਾਈ ਪਿੱਛੋਂ ਵੀ ਨਿਰੰਤਰ ਚੱਲ ਰਹੀ ਹੈ ਪਰ ਗਰਮੀਆਂ ਕਰਕੇ ਉਨ੍ਹਾਂ ਨੂੰ ਥੋੜ੍ਹਾ ਬਹੁਤ ਨੁਕਸਾਨ ਜ਼ਰੂਰ ਝੱਲਣਾ ਪੈ ਰਿਹਾ ਹੈ ਕਿਉਂਕਿ ਸਬਜ਼ੀ ਦੀ ਵਿਕਰੀ ਬਹੁਤ ਤੇਜ਼ੀ ਨਾਲ ਨਹੀਂ ਹੋ ਰਹੀ।