ਲੁਧਿਆਣਾ : ਲੁਧਿਆਣਾ ਵਿੱਚ ਮਿਕਸ ਲੈਂਡ ਯੂਜ਼ ਇਲਾਕੇ ਉਤੇ ਬੰਦ ਹੋਣ ਦੀ ਤਲਵਾਰ ਲਟਕ ਰਹੀ ਹੈ ਅਤੇ ਕਾਰੋਬਾਰੀਆਂ ਕੋਲ ਸਤੰਬਰ ਤੱਕ ਦਾ ਸਮਾਂ ਰਹਿ ਗਿਆ ਹੈ। ਇਸ ਨੂੰ ਲੈ ਕੇ ਨੋਟਿਸ ਹੋਣੇ ਸ਼ੁਰੂ ਹੋ ਚੁੱਕੇ ਹਨ ਅਤੇ ਕਾਰੋਬਾਰੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਇੰਡਸਟਰੀ ਸੈਂਟਰ ਦੇ ਬਾਹਰ ਕਾਰੋਬਾਰੀਆਂ ਵੱਲੋਂ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ। ਰੋਜ਼ਾਨਾ ਪੰਜ ਦੇ ਕਰੀਬ ਕਾਰੋਬਾਰੀ ਪ੍ਰਦਰਸ਼ਨ ਕਰਦੇ ਹਨ ਕਿਉਂਕਿ ਇਲਾਕੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ।
ਕਾਰੋਬਾਰੀਆਂ ਨੇ ਕਿਹਾ ਹੈ ਕਿ ਲੁਧਿਆਣਾ ਵਿੱਚ ਜਦੋਂ ਪਾਲਿਸੀ ਲਿਆਂਦੀ ਗਈ ਸੀ ਤਾਂ ਲੋਕਾਂ ਨੇ ਆਪਣੇ ਘਰਾਂ ਵਿੱਚ ਫੈਕਟਰੀਆਂ ਸ਼ੁਰੂ ਕੀਤੀਆਂ ਸਨ, ਜਿਥੇ ਦੋ-ਤਿੰਨ ਲੇਬਰ ਕੰਮ ਕਰਦੀ ਸੀ ਹੇਠਾਂ ਫੈਕਟਰੀਆਂ ਚੱਲਦੀਆਂ ਸਨ ਅਤੇ ਉੱਪਰ ਰਿਹਾਇਸ਼ ਸੀ, ਪਰ ਹੁਣ ਮੌਜੂਦਾ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਇਸ ਸਬੰਧੀ ਕਾਰੋਬਾਰੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ, ਜਿਸ ਕਰਕੇ ਇਸ ਇੰਡਸਟਰੀ ਉਤੇ ਹੁਣ ਤਲਵਾਰ ਲਟਕ ਰਹੀ ਹੈ।
ਸਰਕਾਰ ਤੋਂ ਨਰਾਜ਼ ਕਾਰੋਬਾਰੀ : ਪ੍ਰਦਰਸ਼ਨ ਕਰ ਰਹੇ ਕਾਰੋਬਾਰੀਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਅਜਿਹੇ ਹਾਲਾਤ ਪੈਦਾ ਹੋਏ ਹਨ, ਕਿਉਂਕਿ ਸਾਨੂੰ ਇਨ੍ਹਾਂ ਦਾ ਕੋਈ ਬਦਲ ਨਹੀਂ ਦਿੱਤਾ ਗਿਆ। ਕਾਰੋਬਾਰੀਆਂ ਨੇ ਕਿਹਾ ਕਿ ਧਨਾਨਸੂ ਦੇ ਵਿੱਚ ਸਰਕਾਰ ਵੱਲੋਂ ਜਿਹੜੀ ਜਗ੍ਹਾ ਸਨਅਤ ਲਈ ਰੱਖੀ ਗਈ। ਉੱਥੇ ਵੱਡੀਆ ਇੰਡਸਟਰੀਆਂ ਹੀ ਆਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਛੋਟੀਆਂ ਸਨਅਤਾਂ ਲਈ ਕੁਝ ਵੀ ਨਹੀਂ ਸੋਚਿਆ ਗਿਆ, ਜਿਸਦਾ ਖਾਮਿਆਜ਼ਾ ਉਨ੍ਹਾਂ ਨੂੰ ਅੱਜ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਸ ਦਾ ਕੋਈ ਹੱਲ ਨਹੀਂ ਕਰਦੀ ਸਾਡੇ ਵੱਲੋਂ ਪ੍ਰਦਰਸ਼ਨ ਜਾਰੀ ਰਹੇਗਾ।
ਕੀ ਹੈ ਮਿਕਸ ਲੈਂਡ ਯੂਜ਼ : ਸਾਲ 2008 ਵਿੱਚ ਪੰਜਾਬ ਰੀਜ਼ਨਲ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਨੇ ਲੁਧਿਆਣਾ ਸ਼ਹਿਰ ਸਮੇਤ ਪੰਜਾਬ ਦੇ ਵੱਡੇ ਸ਼ਹਿਰਾਂ ਲਈ ਮਾਸਟਰ ਪਲਾਨ ਤਿਆਰ ਕੀਤਾ ਸੀ। ਇਸ ਯੋਜਨਾ ਨੂੰ ਤਿਆਰ ਕਰਨ ਸਮੇਂ ਕਈ ਕਮੀਆਂ ਸਨ। ਇਸ ਵਿੱਚ 70 ਫੀਸਦੀ ਤੋਂ ਵੱਧ ਉਦਯੋਗਾਂ ਵਾਲੇ 72 ਖੇਤਰਾਂ ਨੂੰ ਮਿਸ਼ਰਤ ਭੂਮੀ ਵਰਤੋਂ ਅਤੇ ਰਿਹਾਇਸ਼ੀ ਖੇਤਰ ਘੋਸ਼ਿਤ ਕੀਤਾ ਗਿਆ ਸੀ। ਜਦਕਿ ਕਾਰੋਬਾਰੀਆਂ ਨੇ ਇਨ੍ਹਾਂ 72 ਖੇਤਰਾਂ ਨੂੰ ਸਨਅਤੀ ਖੇਤਰ ਐਲਾਨੇ ਜਾਣ ਦੀ ਮੰਗ ਕੀਤੀ ਸੀ। ਇਸ ਵਿੱਚ ਉਹ ਇਲਾਕੇ, ਜਿਨ੍ਹਾਂ ਵਿੱਚ ਘਰਾਂ ਅੰਦਰ 70 ਫੀਸਦੀ ਤੱਕ ਛੋਟੀਆਂ ਇਕਾਈਆਂ ਸ਼ਾਮਲ ਨੇ ਉਸ ਨੂੰ ਮਿਕਸ ਲੈਂਡ ਐਲਾਨਿਆ ਗਿਆ ਸੀ।
ਕਿਊਂ ਕੀਤਾ ਜਾ ਰਿਹਾ ਬੰਦ : ਦਰਅਸਲ ਪ੍ਰਦੂਸ਼ਣ ਕਰਕੇ ਇਨ੍ਹਾਂ ਇਲਾਕਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ, ਲੁਧਿਆਣਾ ਚ ਗਿੱਲ ਰੋਡ, ਸ਼ਿਮਲਾ ਪੂਰੀ, ਢੰਡਾਰੀ, ਡਾਬਾ, ਜਨਤਾ ਨਗਰ, ਗੁਰੂ ਨਾਨਕ ਦੇਵ ਨਗਰ, ਗਿਆਸਪੁਰਾ, ਆਤਮ ਨਗਰ, ਸ਼ਾਮ ਨਗਰ, ਕੋਟ ਮੰਗਲ ਸਿੰਘ, ਸ਼ਿਵ ਪੂਰੀ, ਪ੍ਰਤਾਪ ਨਗਰ, ਬਚਿੱਤਰ ਨਗਰ ਅਤੇ ਹੋਰ ਅਜਿਹੇ 72 ਇਲਾਕੇ ਨੇ ਜਿਨ੍ਹਾ ਨੂੰ ਮਿਕਸ ਲੈਂਡ ਐਲਾਨਿਆਂ ਗਿਆ ਸੀ। ਇਨ੍ਹਾਂ ਇਲਾਕਿਆਂ ਨੂੰ ਹੁਣ ਪ੍ਰਦੂਸ਼ਣ ਕਰਕੇ ਬੰਦ ਕੀਤਾ ਜਾ ਰਿਹਾ ਹੈ ਅਤੇ ਫੈਕਟਰੀਆਂ ਨੂੰ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Parkash Singh Badad Antim Ardass: ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਏ ਅਮਿਤ ਸ਼ਾਹ, ਕਿਹਾ- ਦੇਸ਼ ਨੇ ਸੱਚਾ ਦੇਸ਼ ਭਗਤ ਗਵਾਇਆ
ਐਮਐਲਏ ਦਾ ਜਵਾਬ : ਮਿਕਸ ਲੈਂਡ ਨੂੰ ਲੈ ਕੇ ਜਦੋਂ ਲੁਧਿਆਣਾ ਤੋਂ ਐਮਐਲਏ ਅਸ਼ੋਕ ਪਰਾਸ਼ਰ ਪੱਪੀ ਨੂੰ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇੰਡਸਟਰੀ ਦਾ ਵਧਣਾ-ਫੁੱਲਣਾ ਜ਼ਰੂਰੀ ਹੈ ਪਰ ਕੀਮਤ ਇਸ ਦੀ ਕੀਮਤ ਲੋਕਾਂ ਦੀ ਜਾਨ ਨਹੀਂ ਹੋਣੀ ਚਾਹੀਦੀ, ਉਨ੍ਹਾਂ ਕਿਹਾ ਕਿ ਜਿਹੜੀ ਇੰਡਸਟਰੀ ਸਰਕਾਰ ਵੱਲੋਂ ਦਿਤੇ ਗਏ ਨਿਯਮਾਂ ਤੇ ਪ੍ਰਦੂਸ਼ਣ ਨੂੰ ਲੈ ਕੇ ਹੈ ਤੇਅ ਕੀਤੇ ਨਿਯਮਾਂ ਤੇ ਖਰਾ ਉਤਰਦੀ ਹੈ ਉਸ ਦਾ ਸਰਕਾਰ ਵੀ ਸਾਥ ਦੇ ਰਹੀ ਹੈ ਪਰ ਜਿਹੜੀਆਂ ਫੈਕਟਰੀਆਂ ਵਿੱਚ ਪ੍ਰਦੂਸ਼ਣ ਵਧਾ ਰਹੀਆਂ ਹਨ ਲੋਕਾਂ ਦੀ ਜ਼ਿੰਦਗੀ ਦੇ ਨਾਂ ਹੇਠ ਰਹੀਆਂ ਹਨ ਉਨ੍ਹਾਂ ਫੈਕਟਰੀਆਂ ਪ੍ਰਦੂਸ਼ਣ ਫੈਲਾ ਰਹੀਆਂ ਹਨ ਲੋਕਾਂ ਦੀ ਜ਼ਿੰਦਗੀ ਦੇ ਨਾਂ ਹੇਠ ਰਹੀਆਂ ਹਨ ਉਨ੍ਹਾਂ ਤੇ ਸਖ਼ਤ ਕਾਰਵਾਈ ਹੋਣੀ ਬੇਹੱਦ ਜਰੂਰੀ ਹੈ।