ਲੁਧਿਆਣਾ: ਬੀਤੇ ਦਿਨ ਲੁਧਿਆਣਾ ਜ਼ਿਲ੍ਹਾ ਕਚਹਿਰੀ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਲੁਧਿਆਣਾ ਪੁਲਿਸ ਮੁਸਤੈਦ ਹੁੰਦੀ ਵਿਖਾਈ ਦੇ ਰਹੀ ਹੈ। ਪੁਲਿਸ ਵੱਲੋਂ ਲੁਧਿਆਣਾ ਡੀ ਸੀ ਦਫਤਰ ਦੇ ਗੇਟ ’ਤੇ ਹੀ ਮੈਟਲ ਡਿਟੈਕਟਰ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਗੱਡੀਆਂ ਦੀ ਚੈਕਿੰਗ (Vehicle checking) ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬਿਨਾਂ ਆਈਡੀ ਕਾਰਡ ਜਾਣ ਨਹੀਂ ਦਿੱਤਾ ਜਾ ਰਿਹਾ ਅਤੇ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਲੁਧਿਆਣਾ ਜ਼ਿਲ੍ਹਾ ਕਚਹਿਰੀ ਵਿਚ ਬੀਤੇ ਦਿਨ ਹੋਏ ਧਮਾਕੇ ਦੇ ਅੰਦਰ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਦੋਂਕਿ 6 ਲੋਕ ਗੰਭੀਰ ਜ਼ਖ਼ਮੀ ਹੋ ਗਏ ਸਨ। ਸਾਡੀ ਟੀਮ ਵੱਲੋਂ ਜਦੋਂ ਜਾਇਜ਼ਾ ਲਿਆ ਗਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਮੁਸਤੈਦੀ ਵਧਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹਰ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਸੁਰੱਖਿਆ ਲਈ ਤਾਇਨਾਤ ਸੁਰੱਖਿਆ ਮੁਲਾਜ਼ਮ ਨੇ ਦੱਸਿਆ ਕਿ ਸੀਨੀਅਰ ਅਫ਼ਸਰਾਂ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਬਿਨਾਂ ਚੈਕਿੰਗ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਜਿਹੀ ਮੁਸਤੈਦੀ ਪਹਿਲਾਂ ਵਿਖਾਈ ਹੁੰਦੀ ਤਾਂ ਹਾਦਸਾ ਟਲ ਸਕਦਾ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਬਹੁਤ ਮੁਸ਼ਕਿਲ ਹੈ। ਉੱਥੇ ਹੀ ਆਮ ਲੋਕਾਂ ਨੇ ਵੀ ਕਿਹਾ ਕਿ ਜੇਕਰ ਪੁਲਿਸ ਅਜਿਹੀ ਰੂਟੀਨ ਚੈਕਿੰਗ ਕਰਦੀ ਰਹੇ ਤਾਂ ਸ਼ਾਇਦ ਅਜਿਹੇ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ: ਲੁਧਿਆਣਾ ਬਲਾਸਟ: ਪੀੜਤ ਮਹਿਲਾਵਾਂ ਨੇ ਦੱਸੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ