ਲੁਧਿਆਣਾ : ਭਾਰਤੀ ਫੌਜ ਵੱਲੋਂ ਅਗਨੀਵੀਰ ਸਕੀਮ ਤਹਿਤ ਦੇਸ਼ ਵਿਚ ਨੌਜਵਾਨਾਂ ਨੂੰ ਭਰਤੀ ਕਰਨ ਲਈ ਪ੍ਰਕ੍ਰਿਆ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਲੁਧਿਆਣਾ ਵਿੱਚ ਫੌਜ ਭਰਤੀ ਕੇਂਦਰ ਦੇ ਮੁਖੀ ਕਰਨਲ ਸ਼ਰਦ ਵੱਲੋਂ ਦੱਸਿਆ ਗਿਆ ਹੈ ਕਿ 17 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਨੌਜਵਾਨ ਆਨਲਾਈਨ ਅਪਲਾਈ ਕਰਕੇ ਭਰਤੀ ਵਿੱਚ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੁੱਲ 176 ਸੈਂਟਰ ਬਣਾਏ ਗਏ ਹਨ ਹਨ, ਜਿਨ੍ਹਾਂ ਰਾਹੀਂ ਆਨਲਾਈਨ ਪ੍ਰੀਖਿਆ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ ਪ੍ਰੀਖਿਆ ਸ਼ੁਰੂ ਹੋਵੇਗੀ। ਇਸ ਲਈ ਲੁਧਿਆਣਾ ਸੈਂਟਰ ਵਿੱਚ 4 ਜ਼ਿਲ੍ਹੇ ਸ਼ਾਮਿਲ ਕੀਤੇ ਗਏ ਹਨ। ਉਨ੍ਹਾ ਦੱਸਿਆ ਕਿ ਮਈ ਮਹੀਨੇ ਤੋਂ ਬਾਅਦ ਸਤੰਬਰ ਵਿੱਚ ਸਰੀਰਕ ਟੈਸਟ ਕਰਵਾਇਆ ਜਾਵੇਗਾ। ਦੋਵਾਂ ਦੇ ਨੰਬਰ ਮਿਲਾ ਕੇ ਨੌਜਵਾਨਾਂ ਦੀ ਭਰਤੀ ਹੋਵੇਗੀ। ਉਨ੍ਹਾ ਦੱਸਿਆ ਕਿ 4 ਸਾਲ ਦਾ ਇਸਦਾ ਕਾਰਜਕਾਲ ਹੋਵੇਗਾ ਅਤੇ ਪਹਿਲੇ ਮਹੀਨੇ ਹੀ ਭਾਰਤੀ ਹੋਏ ਜਵਾਨਾਂ ਦਾ ਬੀਮਾ ਹੋ ਜਾਵੇਗਾ। 4 ਸਾਲ ਤੋਂ ਬਾਅਦ ਜਿਹੜੇ ਨੌਜਵਾਨ ਭਾਰਤੀ ਫੌਜ ਦਾ ਹਿੱਸਾ ਬਣਨਾ ਚਾਹੁੰਦੇ ਹਨ ਉਹ ਅੱਗੇ ਅਪਲਾਈ ਕਰ ਸਕਦੇ ਹਨ। ਜਿਨ੍ਹਾ ਦੀ ਨੌਕਰੀ ਪੱਕੀ ਹੋ ਜਾਵੇਗੀ।
ਐੱਨਸੀਸੀ ਵਾਲਿਆਂ ਨੂੰ ਹੋਵੇਗਾ ਫਾਇਦਾ : ਕਰਨਲ ਸ਼ਰਦ ਨੇ ਦੱਸਿਆ ਕਿ ਸਰੀਰਿਕ ਟੈਸਟ ਪਹਿਲਾਂ ਵਾਂਗ ਹੋਵੇਗਾ। ਜਿਹੜੇ ਬੱਚੇ ਆਈਟੀ ਸੈਕਟਰ ਵਿੱਚ ਹਨ, ਉਨ੍ਹਾ ਨੂੰ ਤਰਜੀਹ ਮਿਲੇਗੀ। ਇਸ ਤੋਂ ਇਲਾਵਾ ਐਨਸੀਸੀ ਵਾਲੇ ਬੱਚਿਆਂ ਨੂੰ ਫਾਇਦਾ ਹਵੇਗਾ। ਉਨ੍ਹਾ ਦੱਸਿਆ ਕਿ 250 ਰੁਪਏ ਫੀਸ ਰੱਖੀ ਗਈ ਹੈ ਅਤੇ 250 ਰੁਪਏ ਫੌਜ ਦੇਵੇਗੀ। ਉਨ੍ਹਾ ਕਿਹਾ ਕਿ ਇਸ ਨਾਲ ਜਿਹੜੇ ਗੰਭੀਰ ਨੌਜਵਾਨ ਹਨ ਜੋ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ, ਉਹ ਵੀ ਭਰਤੀ ਵਿੱਚ ਆਉਣਗੇ। ਉਨ੍ਹਾਂ ਦੱਸਿਆ ਕਿ ਇਹ ਪੂਰੀ ਪ੍ਰਕਿਰਿਆ ਪਾਰਦਰਸ਼ੀ ਹੋਵੇਗੀ ਅਤੇ ਮੈਰਿਟ ਦੇ ਅਧਾਰ ਉੱਤੇ ਹੀ ਨੌਜਵਾਨਾਂ ਦੀ ਚੋਣ ਹੋਵੇਗੀ। ਉਨ੍ਹਾਂ ਦੱਸਿਆ ਕਿ 17 ਤੋਂ ਲੈ ਕੇ 21 ਸਾਲ ਤੱਕ ਦੇ ਨੌਜਵਾਨ ਨੂੰ ਦਸਵੀਂ ਜਮਾਤ ਪਾਸ ਕਰ ਚੁੱਕੇ ਨਹੀਂ ਉਹ ਹਿੱਸਾ ਲੈ ਸਕਦੇ ਹਨ।
ਪਾਰਦਰਸ਼ੀ ਤਰੀਕੇ ਨਾਲ ਹੋਵੇਗੀ ਭਰਤੀ: ਕਰਨਲ ਸ਼ਰਦ ਨੇ ਦੱਸਿਆ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਿਫਾਰਿਸ਼ ਨਹੀਂ ਚੱਲੇਗੀ। ਜੋ ਨੌਜਵਾਨ ਸਮਰੱਥ ਹੋਣਗੇ ਉਹਨਾਂ ਦੀ ਦੀ ਚੋਣ ਹੋਵੇਗੀ। ਉਨਾਂ ਦੱਸਿਆ ਕਿ ਇਸ ਨਾਲ ਭਰਤੀ ਵਿਚ ਹੋਰ ਪਾਰਦਰਸ਼ਤਾ ਆਵੇਗੀ, ਜਿਹੜੇ ਲੋਕ ਭਰਤੀ ਦੇ ਨਾਂ ਤੇ ਭ੍ਰਿਸ਼ਟਾਚਾਰ ਫੈਲਾ ਰਹੇ ਸਨ ਅਤੇ ਨੌਜਵਾਨਾਂ ਨੂੰ ਵਰਗਲਾ ਕੇ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਕਰਵਾਉਣ ਦੇ ਨਾਂ ਤੇ ਪੈਸੇ ਲੈ ਰਹੇ ਸਨ, ਉਹਨਾਂ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਨੌਜਵਾਨ ਪੱਕੀ ਨੌਕਰੀ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰਾਂ ਜਿਹੜੇ ਨੌਜਵਾਨ ਹੋਰ ਖੇਤਰਾਂ ਵੱਲ ਜਾਣਾ ਚਹੁੰਦੇ ਨੇ ਜਾਂ ਫਿਰ ਆਪਣਾ ਵਪਾਰ ਕਰਨਾ ਚਾਹੁੰਦੇ ਹਨ। ਉਹ 4 ਸਾਲ ਪੂਰੇ ਕਰਨ ਤੋਂ ਬਾਅਦ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਦੇ ਵਿੱਚ ਹੋਰ ਜੋਸ਼ ਆਵੇਗਾ।