ਲੁਧਿਆਣਾ: ਰੇਲਵੇ ਸਟੇਸ਼ਨ 'ਤੇ ਕੰਮ ਕਰਨ ਵਾਲੇ ਵੈਂਡਰ ਇਨ੍ਹੀਂ ਦਿਨੀਂ ਰੋਟੀ ਕਮਾਉਣ ਲਈ ਦੋ-ਚਾਰ ਹੋ ਰਹੇ ਹਨ, ਕੋਰੋਨਾ ਕਾਰਨ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਲੌਕਡਾਊਨ ਤੋਂ ਪਹਿਲਾਂ ਜਿਥੇ 150 ਤੋਂ ਵੱਧ ਵੈਂਡਰ ਕੰਮ ਕਰਦੇ ਸਨ, ਉਥੇ ਹੁਣ 2-4 ਹੀ ਰਹਿ ਗਏ ਹਨ, ਜਿਨ੍ਹਾਂ ਦਾ ਵੀ ਕੰਮ ਕਾਰ ਨਹੀਂ ਚੱਲ ਰਿਹਾ। ਸਟੇਸ਼ਨ 'ਤੇ ਰੋਜ਼ਾਨਾ ਦੀਆਂ 8-10 ਗੱਡੀਆਂ ਹੀ ਰਹਿ ਗਈਆਂ ਹਨ, ਜਿਸ ਕਰਕੇ ਨਾ ਤਾਂ ਸਟੇਸ਼ਨ 'ਤੇ ਯਾਤਰੀ ਆਉਂਦੇ ਹਨ ਅਤੇ ਨਾ ਹੀ ਕੁਝ ਖਰੀਦਦਾਰੀ ਹੁੰਦੀ ਹੈ। ਈਟੀਵੀ ਭਾਰਤ ਨੇ ਜਦੋਂ ਸਟੇਸ਼ਨ ਵੈਂਡਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਿਰਫ ਇੱਥੇ ਸਾਫ-ਸਫਾਈ ਹੀ ਕਰਨ ਆਉਂਦੇ ਹਨ ਅਤੇ ਕੰਮ-ਕਾਰ ਨਹੀਂ ਚੱਲ ਰਿਹਾ।
ਰੇਲਵੇ ਸਟੇਸ਼ਨ 'ਤੇ ਕੰਮ ਕਰਨ ਵਾਲੇ ਵੈਂਡਰ ਅਸ਼ੋਕ ਸਿੰਘ ਅਤੇ ਰਾਹੁਲ ਨੇ ਕਿਹਾ ਕਿ ਕੋਰੋਨਾ ਤੋਂ ਪਹਿਲਾਂ 150 ਦੇ ਕਰੀਬ ਵੈਂਡਰ ਕੰਮ ਕਰਦੇ ਸਨ। ਸਟੇਸ਼ਨ 'ਤੇ ਰੌਣਕ ਲੱਗੀ ਰਹਿੰਦੀ ਸੀ। ਘਰ ਦਾ ਖ਼ਰਚਾ ਆਸਾਨੀ ਨਾਲ ਨਿਕਲ ਜਾਂਦਾ ਸੀ ਪਰ 24 ਮਾਰਚ ਤੋਂ ਬਾਅਦ ਹੀ ਉਨ੍ਹਾਂ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਹੈ।
ਉਨ੍ਹਾਂ ਕਿਹਾ ਕਿ ਜੇਬ ਖ਼ਰਚ ਕੱਢਣਾ ਵੀ ਔਖਾ ਹੋ ਗਿਆ ਹੈ। ਸਵੇਰੇ ਆਉਂਦੇ ਹਾਂ ਅਤੇ ਸਾਫ-ਸਫਾਈ ਕਰਕੇ ਚਲੇ ਜਾਂਦੇ ਹਾਂ। ਜੋ ਥੋੜ੍ਹੀ ਜਿਹੀ ਭੀੜ ਹੁੰਦੀ ਹੈ, ਉਹ ਜ਼ਿਆਦਾਤਰ ਲੇਬਰ ਕਲਾਸ ਨਾਲ ਸਬੰਧਤ ਹੁੰਦੇ ਹਨ, ਜੋ ਕਿਸੇ ਵੀ ਤਰ੍ਹਾਂ ਦੀ ਕੋਈ ਖ਼ਰੀਦਦਾਰੀ ਨਹੀਂ ਕਰਦੇ। ਇਸ ਕਰਕੇ ਉਨ੍ਹਾਂ ਨੂੰ ਕਾਫੀ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਗੱਡੀਆਂਂ ਸਟੇਸ਼ਨ 'ਤੇ ਨਹੀਂ ਆ ਰਹੀਆਂ। 4 ਗੱਡੀਆਂ ਸਵੇਰੇ ਅਤੇ 4 ਸ਼ਾਮ ਨੂੰ ਚੱਲਦੀਆਂ ਹਨ। ਉਨ੍ਹਾਂ ਕਿਹਾ ਕਿ ਮਸਾਂ ਹੀ ਦਿਨ-ਭਰ ਕੰਮ ਕਰਕੇ ਆਉਣ-ਜਾਣ ਦਾ ਖਰਚਾ ਨਿਕਲ ਰਿਹਾ ਹੈ ਅਤੇ ਇੱਕ ਸਮੇਂ ਦੀ ਰੋਟੀ ਦਾ ਹੀ ਜੁਗਾੜ ਹੋ ਰਿਹਾ ਹੈ, ਪਰ ਪੂਰੇ ਖ਼ਰਚੇ ਨਹੀਂ ਨਿਕਲ ਰਹੇ।