ਲੁਧਿਆਣਾ: ਖੰਨਾ 'ਚ ਸਮਰਾਲਾ ਰੋਡ 'ਤੇ ਪਿੰਡ ਬਰਧਾਲਾਂ ਨੇੜੇ ਫਿਲਮੀ ਸਟਾਈਲ 'ਚ ਕਿਡਨੈਪਿੰਗ ਹੋਈ। ਕਾਰ 'ਚ ਸਵਾਰ 4 ਲੋਕਾਂ ਨੇ ਆਟੋ ਨੂੰ ਘੇਰ ਲਿਆ ਅਤੇ ਵਾਟਰ ਫੈਕਟਰੀ ਦੇ ਅਕਾਊਂਟੈਂਟ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਕਰੀਬ 15 ਕਿਲੋਮੀਟਰ ਤੱਕ ਚੱਲਦੀ ਕਾਰ ਵਿੱਚ ਅਕਾਊਂਟੇਂਟ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਵੀ ਇਵਲਜ਼ਾਮ ਹਨ। ਫਿਰ ਉਸ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਨੈਸ਼ਨਲ ਹਾਈਵੇਅ ’ਤੇ ਸੁੱਟ ਦਿੱਤਾ ਗਿਆ।
ਪੀੜਤ ਨਾਲ ਕੀਤੀ ਲੁੱਟਖੋਹ: ਕਾਰ ਵਿੱਚੋਂ ਸੁੱਟਣ ਤੋਂ ਪਹਿਲਾਂ ਅਗਵਾਕਾਰਾਂ ਨੇ ਅਕਾਉਂਟੈਂਟ ਤੋਂ ਸੋਨੇ ਦੀ ਮੁੰਦਰੀ, ਪਰਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਖੋਹ ਲਏ। ਪੁਲਿਸ ਨੇ ਇਸ ਘਟਨਾ ਨੂੰ ਕਰੀਬ 5 ਘੰਟਿਆਂ ਵਿੱਚ ਸੁਲਝਾ ਲਿਆ। ਇਸ ਮਾਮਲੇ ਵਿੱਚ 3 ਅਗਵਾਕਾਰ ਫੜੇ ਗਏ ਹਨ। ਚੌਥਾ ਸਾਥੀ ਅਜੇ ਫ਼ਰਾਰ ਹੈ। ਘਟਨਾ ਪਿੱਛੇ ਪੈਸਿਆਂ ਦਾ ਲੈਣ-ਦੇਣ ਕਾਰਨ ਦੱਸਿਆ ਜਾ ਰਿਹਾ ਹੈ। ਉਥੇ ਹੀ ਆਟੋ ਚੋਂ ਖਿੱਚ ਕੇ ਬਾਹਰ ਲਿਜਾਣ ਦੀ ਵੀਡਿਓ ਵੀ ਸਾਹਮਣੇ ਆਈ।
ਮਾਰ ਕੇ ਸੁੱਟਣ ਦਾ ਸੀ ਪਲਾਨ ! : ਪੀੜਤ ਆਕਾਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਕੋਲੋਂ ਸੋਨੇ ਦੀ ਅੰਗੂਠੀ, 25 ਸੌ ਰੁਪਏ, ਅਧਾਰ ਕਾਰਡ ਅਤੇ ਹੋਰ ਕਾਰਡ ਆਦਿ ਖੋਹ ਹਨ। ਉਨ੍ਹਾਂ ਨੇ ਸਹਾਰਨਪੁਰ ਕਿਸੇ ਬਦਮਾਸ਼ ਨੂੰ ਫ਼ੋਨ ਕਰਕੇ ਇਹ ਕਿਹਾ ਸੀ ਕਿ ਅਸੀਂ ਇਸ ਨੂੰ ਲੈ ਕੇ ਆ ਰਹੇ ਹਾਂ ਅਤੇ ਇਸ ਨੂੰ ਵੱਢ ਕੇ ਗੰਗਾ ਨਦੀ ਵਿੱਚ ਸੁੱਟ ਦੇਣਾ ਹੈ। ਪਰ, ਉਸ ਵਲੋਂ ਕਾਰ ਦੇ ਸੀਸ਼ਿਆਂ ਤੇ ਹੱਥ ਮਾਰ-ਮਾਰ ਕੇ ਸਹਾਇਤਾ ਲਈ ਰੌਲਾ ਪਾਉਣ ਕਾਰਨ ਉਹ ਡਰ ਗਏ ਜਿਸ ਕਾਰਨ ਉਹ ਉਸ ਨੂੰ ਮੰਡੀ ਗੋਬਿੰਦਗੜ੍ਹ ਕੋਲ ਸੁੱਟ ਫ਼ਰਾਰ ਹੋ ਗਏ।
ਇੰਝ ਕੀਤਾ ਅਗਵਾ: ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਘੱਲੂਘਾਰਾ ਦਿਵਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਚੌਕਸ ਰਹੀ। ਇਸੇ ਦੌਰਾਨ ਸੋਮਵਾਰ ਦੇਰ ਸ਼ਾਮ ਕਰੀਬ 7 ਵਜੇ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਕਿ ਬਰਧਾਲਾਂ ਨੇੜੇ ਕਿਡਨੈਪਿੰਗ ਹੋ ਗਈ ਹੈ। ਉਹ ਤੁਰੰਤ ਐਸਐਚਓ ਭਿੰਦਰ ਸਿੰਘ ਨਾਲ ਮੌਕੇ ’ਤੇ ਪੁੱਜੇ। ਉੱਥੇ ਰਾਜੂ ਪਾਲ ਮੌਜੂਦ ਸੀ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਾਣੀ ਵਾਲੀ ਫੈਕਟਰੀ ਦੇ ਅਕਾਉਂਟੈਂਟ ਆਕਾਸ਼ ਸ਼ਰਮਾ ਨੂੰ ਆਟੋ 'ਚ ਲੈ ਕੇ ਜਾ ਰਿਹਾ ਸੀ, ਤਾਂ ਟਾਟਾ ਇੰਡੀਗੋ ਕਾਰ 'ਚ ਸਵਾਰ ਚਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਆਕਾਸ਼ ਸ਼ਰਮਾ ਨੂੰ ਜ਼ਬਰਦਸਤੀ ਆਟੋ ਤੋਂ ਖਿੱਚ ਕੇ ਕਾਰ ਵਿੱਚ ਬਿਠਾਇਆ ਗਿਆ। ਰਾਜੂ ਪਾਲ ਕੋਲ ਇੱਕ ਵੀਡੀਓ ਸੀ ਜਿਸ ਤੋਂ ਕਾਰ ਦਾ ਨੰਬਰ ਪੁਲਿਸ ਨੂੰ ਮਿਲਿਆ। ਪੁਲਿਸ ਨੇ ਇਸ ਕਾਰ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ।
ਪੁਲਿਸ ਦੀ ਮੁਸਤੈਦੀ, ਤਿੰਨ ਗ੍ਰਿਫਤਾਰੀਆਂ: ਕਾਰ ਵਿੱਚ ਰਾਣਾ, ਲੱਕੀ, ਸੁਮਿਤ ਅਤੇ ਅਭਿਸ਼ੇਕ ਸਵਾਰ ਸਨ। ਕੁਝ ਸਮੇਂ ਬਾਅਦ ਕਾਰ ਅਤੇ ਮੋਬਾਈਲ ਟਰੇਸਿੰਗ ਰਾਹੀਂ ਪੁਲਿਸ ਨੂੰ ਪਤਾ ਲੱਗਾ ਕਿ ਅਗਵਾਕਾਰਾਂ ਦੀ ਕਾਰ ਅੰਬਾਲਾ ਵਿੱਚ ਦਾਖ਼ਲ ਹੋ ਗਈ ਹੈ। ਉੱਥੇ ਪੁਲਿਸ ਦੀ ਇੱਕ ਟੀਮ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ ਪਤਾ ਲੱਗਾ ਕਿ ਰਾਣਾ ਯਮੁਨਾਨਗਰ ਪਹੁੰਚ ਗਿਆ ਹੈ। ਅੰਬਾਲਾ ਵਿੱਚ ਐਸਐਚਓ ਭਿੰਦਰ ਸਿੰਘ ਨੇ ਤਿੰਨ ਅਗਵਾਕਾਰਾਂ ਲੱਕੀ, ਸੁਮਿਤ ਅਤੇ ਅਭਿਸ਼ੇਕ ਨੂੰ ਫੜ ਕੇ ਗੱਡੀ ਬਰਾਮਦ ਕਰ ਲਈ।
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤਾ ਅਗਵਾ: ਇਨ੍ਹਾਂ ਅਗਵਾਕਾਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਕਾਸ਼ ਸ਼ਰਮਾ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਹੀ ਸੁੱਟ ਦਿੱਤਾ ਸੀ। ਇਸ ਮਗਰੋਂ ਪੁਲਿਸ ਦੀ ਇੱਕ ਹੋਰ ਟੀਮ ਮੰਡੀ ਗੋਬਿੰਦਗੜ੍ਹ ਗਈ। ਉਦੋਂ ਆਕਾਸ਼ ਸ਼ਰਮਾ ਖੰਨਾ ਦੇ ਸਮਰਾਲਾ ਰੋਡ ਪੁਲ ਨੇੜੇ ਜ਼ਖ਼ਮੀ ਹਾਲਤ ਵਿੱਚ ਮਿਲਿਆ ਜਿਸ ਨੇ ਪੁਲਿਸ ਨੂੰ ਦੱਸਿਆ ਕਿ ਅਗਵਾਕਾਰਾਂ ਨੇ ਉਸ ਦੀ ਸੋਨੇ ਦੀ ਮੁੰਦਰੀ, ਪਰਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਖੋਹ ਲਏ। ਡੀਐਸਪੀ ਨੇ ਅੱਗੇ ਦੱਸਿਆ ਕਿ ਚਾਰੇ ਕਥਿਤ ਦੋਸ਼ੀ ਵਾਟਰ ਫੈਕਟਰੀ ਵਿੱਚ ਹੀ ਕੰਮ ਕਰਦੇ ਹਨ। ਉਨ੍ਹਾਂ ਦਾ ਆਕਾਸ਼ ਨਾਲ 24,500 ਰੁਪਏ ਦਾ ਲੈਣ-ਦੇਣ ਹੈ ਜਿਸ ਲਈ ਸਾਰੀ ਸਾਜ਼ਿਸ਼ ਰਚੀ ਗਈ ਸੀ।