ਲੁਧਿਅਣਾ: ਬੀਤੇ ਦਿਨੀਂ ਖੰਨਾ ਦੇ ਨਜ਼ਦੀਕ ਹੋਏ ਕਤਲ ਦੀ ਗੁੱਥੀ ਨੂੰ ਖੰਨਾ ਪੁਲਿਸ ਨੇ ਸੁਲਝਾ ਲਿਆ ਹੈ। ਪਤੀ ਨੇ ਹੀ ਆਪਣੀ ਪਤਨੀ ਦਾ ਕਤਲ ਕੀਤਾ ਸੀ। ਪਤੀ ਨੇ ਕਤਲ ਨੂੰ ਲੁੱਟਮਾਰ ਦਾ ਮਾਮਲਾ ਦੱਸ ਕੇ ਪੁਲਿਸ ਨੂੰ ਗੁੰਮਰਾਹ ਕੀਤਾ ਸੀ। ਪਤੀ ਦੇ ਕਿਸੇ ਔਰਤ ਨਾਲ ਸਬੰਧ ਸੀ ਜਿਸ ਕਾਰਨ ਘਰ ਵਿੱਚ ਅਕਸਰ ਝਗੜਾ ਰਹਿੰਦਾ ਸੀ।
ਗੁਰਸ਼ਰਨਦੀਪ ਸਿੰਘ ਗਰੇਵਾਲ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਰਕੇਸ਼ ਕੁਮਾਰ ਗਾਬਾ ਜੋ ਕਿ ਲੁਧਿਆਣੇ ਦਾ ਰਹਿਣ ਵਾਲਾ ਸੀ, ਪਿਛਲੇ ਦਿਨੀਂ ਉਸ ਨੇ ਪੁਲਿਸ ਨੂੰ ਇਕ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਪਤਨੀ ਰਾਧਿਕਾ ਗਾਬਾ ਨਾਲ ਉਹ ਦਿੱਲੀ ਤੋਂ ਆ ਰਿਹਾ ਸੀ ਤਾਂ ਰਾਤ ਖੰਨਾ ਦੇ ਨਜ਼ਦੀਕ ਕੁਝ ਵਿਅਕਤੀਆਂ ਨੇ ਉਸ ਕੋਲੋ 28 ਹਜ਼ਾਰ ਰੁਪਏ, ਇੱਕ ਸੋਨੇ ਦਾ ਬਰੈਸਲੈੱਟ ਅਤੇ ਸੋਨੇ ਦੀ ਚੇਨ ਲੁੱਟ ਲਈ ਅਤੇ ਬਾਅਦ ਵਿੱਚ ਉਸ ਦੀ ਪਤਨੀ ਰਾਧਿਕਾ ਗਾਬਾ ਨੂੰ ਗੋਲੀ ਮਾਰ ਦਿੱਤੀ।
ਉਸ ਨੂੰ ਜਦੋਂ ਅਪੋਲੋ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਉਥੇ ਉਸ ਦੀ ਮੌਤ ਹੋ ਗਈ। ਖੰਨਾ ਪੁਲਿਸ ਨੇ ਰਾਕੇਸ਼ ਗਾਬਾ ਦੇ ਬਿਆਨ ਉੱਪਰ ਇਹ ਮੁਕੱਦਮਾ ਦਰਜ ਕਰ ਦਿੱਤਾ ਸੀ। ਖੰਨਾ ਪੁਲੀਸ ਨੂੰ ਇਹ ਲੁੱਟ ਖੋਹ ਦੀ ਘਟਨਾ ਨਾ ਲੱਗ ਕੇ ਕੁੱਝ ਹੋਰ ਹੀ ਜਾਪ ਰਿਹਾ ਸੀ। ਇਸੇ ਤਹਿਤ ਖੰਨਾ ਪੁਲਿਸ ਹਰਕਤ ਵਿੱਚ ਆਈ ਅਤੇ ਇਸ ਕੇਸ ਦੀ ਡੁੰਘਾਈ ਨਾਲ ਜਾਂਚ ਕੀਤੀ।
ਤਫਤੀਸ਼ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਰਕੇਸ਼ ਕੁਮਾਰ ਗਾਬ ਵੱਲੋਂ ਇਹ ਸਾਜ਼ਿਸ਼ ਰਚੀ ਗਈ ਸੀ ਜਿਸ ਤਹਿਤ ਉਹ ਨੇ ਆਪਣੀ ਪਤਨੀ ਰਾਧਿਕਾ ਨੂੰ ਸ਼ਾਪਿੰਗ ਕਰਾਉਣ ਦੇ ਬਹਾਨੇ ਰੋਪੜ ਹੁੰਦਾ ਹੋਇਆ ਚੰਡੀਗੜ੍ਹ ਗਿਆ ਅਤੇ ਵਾਪਸੀ ਸਮੇਂ ਸਰਹੰਦ ਤੋਂ ਲੁਧਿਆਣਾ ਜਾ ਰਿਹਾ ਸੀ ਅਤੇ ਖੰਨਾ ਦੇ ਨਜ਼ਦੀਕ ਉਸ ਨੇ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਰਾਧਿਕਾ ਗਾਬਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜੋ: ਜ਼ਿਮਨੀ ਚੋਣਾਂ ਸਬੰਧੀ ਪੰਜਾਬ ਕਾਂਗਰਸ ਕਮੇਟੀ ਦੀ ਬੈਠਕ ਜਾਰੀ
ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਦੇ ਲਾਇਸੈਂਸੀ 32 ਬੋਰ ਰਿਵਾਲਵਰ ਨਾਲ ਆਪਣੀ ਪਤਨੀ ਰਾਧਿਕਾ ਗਾਬਾ ਦਾ ਕਤਲ ਕੀਤਾ ਸੀ ਕਿਉਂਕਿ ਉਸ ਦੀ ਪਤਨੀ ਰਾਧਿਕਾ ਗਾਬਾ ਨੂੰ ਉਸ ਦੇ ਨਾਜਾਇਜ਼ ਸਬੰਧਾਂ ਬਾਰੇ ਸ਼ੱਕ ਸੀ ਜਿਸ ਕਾਰਨ ਘਰ ਵਿਚ ਅਕਸਰ ਲੜਾਈ ਰਹਿੰਦੀ। ਪੁਲਿਸ ਦੁਆਰਾ ਦੋਸ਼ੀ ਦੀ ਹੋਰ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਦੋਸ਼ੀ ਕਿਸੇ ਹੋਰ ਘਟਨਾ ਵਿੱਚ ਸ਼ਾਮਲ ਤਾਂ ਨਹੀਂ ਸੀ।