ਲੁਧਿਆਣਾ: ਲੱਦਾਖ 'ਚ ਡਿਊਟੀ ਦੌਰਾਨ ਪਹਾੜੀ ਤੋਂ ਪੈਰ ਖਿਸਕਣ ਕਾਰਨ ਜਗਰਾਉਂ ਦੇ ਸੂਬੇਦਾਰ ਪਰਵਿੰਦਰ ਸਿੰਘ ਦੀ ਮੌਤ ਹੋ ਗਈ। ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਉਹ ਰਾਤ ਦੇ ਸਮੇਂ ਜਦ ਆਪਣੀ ਡਿਊਟੀ ਦੇਣ ਜਾ ਰਹੇ ਸਨ ਤਾਂ ਇੱਕ ਦਮ ਪਹਾੜੀ ਤੋਂ ਪੈਰ ਫਿਸਲਣ ਕਾਰਨ ਪਹਾੜੀ ਤੋਂ ਹੇਠਾਂ ਡਿੱਗ ਗਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸ਼ਹੀਦ ਸੂਬੇਦਾਰ ਪਰਵਿੰਦਰ ਸਿੰਘ ਦੇ ਦੋ ਬੱਚੇ ਹਨ ਜਿਨ੍ਹਾਂ ਉਪਰੋਂ ਬਾਪ ਦਾ ਸਾਯਾ ਉੱਠ ਗਿਆ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਘਰ ਦੇ ਗੁਜ਼ਾਰੇ ਲਏ ਸਰਕਾਰ ਉਨ੍ਹਾਂ ਦੀ ਮਦਦ ਕਰੇ।
ਪਰਵਿੰਦਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਨਾਲ ਬਹੁਤ ਦਰਦਨਾਇਕ ਹਾਦਸਾ ਵਾਪਰਿਆ ਹੈ। ਮੋਹੱਲੇ ਦੇ ਕੌਂਸਲਰ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਪਰਿਵਾਰ ਨਾਲ ਨਿਜੀ ਸੰਬੰਧ ਹਨ। ਉਨ੍ਹਾਂ ਕਿਹਾ ਕਿ ਸੂਬੇਦਾਰ ਪਰਵਿੰਦਰ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਰਿਵਾਰ ਦੀ ਮਦਦ ਲਈ ਹੱਥ ਵਧਾਓਂਦਿਆਂ 50 ਲੱਖ ਰੁਪਏ ਅਤੇ ਇਕ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੁੱਖ ਮੰਤਰੀ ਕੈਪਟਨ ਨੇ ਨੇ ਸ਼ਹੀਦ ਪਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਦੇ ਪਰਿਵਾਰਿਕ ਮੈਂਬਰਾਂ ਨਾਲ ਹਮਦਰਦੀ ਜਾਹਿਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਵੱਲੋਂ ਹਰ ਇਕ ਸੰਭਵ ਸਹਾਇਤਾ ਕਰੇਗੀ। ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।