ਲੁਧਿਆਣਾ: ਪਹਿਲਾਂ ਕੋਰੋਨਾ ਮਹਾਂਮਾਰੀ ਅਤੇ ਫਿਰ ਕਿਸਾਨ ਅੰਦੋਲਨ ਅਤੇ ਹੁਣ ਕੇਂਦਰ ਸਰਕਾਰ ਦੇ ਸਖ਼ਤ ਰਵੱਈਏ ਕਰਕੇ ਪੰਜਾਬ ਨੂੰ ਆਉਣ ਵਾਲੀਆਂ ਮਾਲ ਗੱਡੀਆਂ ਬੰਦ ਹਨ। ਕੇਂਦਰ ਸਰਕਾਰ ਨੇ ਸ਼ਨੀਵਾਰ ਤੱਕ ਪੰਜਾਬ 'ਚ ਮਾਲ ਗੱਡੀਆਂ ਭੇਜਣ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਦਾ ਅਸਰ ਹੁਣ ਪੰਜਾਬ ਦੀ ਇੰਡਸਟਰੀ ਤੇ ਪੈ ਰਿਹਾ ਹੈ, ਖਾਸ ਕਰਕੇ ਲੁਧਿਆਣਾ ਜਿਸ ਨੂੰ ਇੰਡਸਟਰੀ ਦਾ ਹੱਬ ਕਿਹਾ ਜਾਂਦਾ ਹੈ ਉਥੇ ਹੁਣ ਸਾਈਕਲ ਤੇ ਪਾਰਟਸ ਬਣਾਉਣ ਲਈ ਸਟੀਲ ਨਹੀਂ ਮਿਲ ਪਾ ਰਿਹਾ ਹੈ ਅਤੇ ਸਟੀਲ ਦੀਆਂ ਕੀਮਤਾਂ ਦੇ ਵਿੱਚ 10 ਹਜ਼ਾਰ ਰੁਪਏ ਪ੍ਰਤੀ ਟਨ ਤੱਕ ਦਾ ਇਜ਼ਾਫ਼ਾ ਹੋ ਗਿਆ ਹੈ। ਲੁਧਿਆਣਾ ਦੀ ਸਾਈਕਲ ਪਾਰਟਸ ਬਣਾਉਣ ਵਾਲੀ ਦਾਸ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਕਿਹਾ ਗਿਆ ਕਿ ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਫੈਕਟਰੀਆਂ ਬੰਦ ਹੋ ਜਾਣਗੀਆਂ।
ਲੁਧਿਆਣਾ ਦੇ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਤਾਦਾਦ 'ਚ ਸਾਈਕਲ ਤੇ ਪਾਰਟਸ ਬਣਾਉਣ ਵਾਲੀਆਂ ਫੈਕਟਰੀਆਂ ਨੇ ਕੋਰੋਨਾ ਮਾਹਾਵਾਰੀ ਦੇ ਦੌਰਾਨ ਸਾਈਕਲ ਇੰਡਸਟਰੀ ਨੂੰ ਕੁਝ ਤੇਜ਼ੀ ਜ਼ਰੂਰ ਵੇਖਣ ਨੂੰ ਮਿਲੀ ਸੀ ਪਰ ਹੁਣ ਟਰੇਨਾਂ ਬੰਦ ਹੋਣ ਕਰਕੇ ਅਤੇ ਕੇਂਦਰ ਦੇ ਸਖ਼ਤ ਰਵੱਈਏ ਦਾ ਅਸਰ ਪੰਜਾਬ ਦੀ ਇੰਡਸਟਰੀ ਤੇ ਪੈ ਰਿਹਾ ਹੈ। ਲੁਧਿਆਣਾ ਦੀ ਇੰਡਸਟਰੀ ਲਗਾਤਾਰ ਘਾਟੇ ਵੱਲ ਹੈ, ਸਟੀਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ ਤੇ ਸਟੀਲ ਬਲੈਕ ਹੋ ਰਹੀ ਹੈ, ਹਾਲਾਤ ਇਹ ਹੋ ਗਏ ਨੇ ਕਿ ਲੇਬਰ ਦੀ ਕਮੀ, ਸਟੀਲ ਮਹਿੰਗੀ ਹੋਣਾ ਅਤੇ ਟਰੇਨਾਂ ਬੰਦ ਹੋਣ ਕਰਕੇ ਤਿਆਰ ਮਾਲ ਬਾਹਰ ਨਹੀਂ ਜਾ ਪਾ ਰਿਹਾ, ਜੀਐੱਸਟੀ ਰਿਫੰਡ ਨਹੀਂ ਹੋ ਰਿਹਾ, ਜਿਸ ਕਰਕੇ ਇੰਡਸਟਰੀ ਨੂੰ ਵੱਡਾ ਘਾਟਾ ਪੈ ਰਿਹਾ ਹੈ। ਵਿਸ਼ਵਕਰਮਾ ਇੰਡਸਟਰੀ ਦੇ ਐਮ ਡੀ ਚਰਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਇਹੀ ਹਾਲ ਰਿਹਾ ਤਾਂ ਇੰਡਸਟਰੀ ਚਲਾਉਣੀ ਮੁਸ਼ਕਲ ਹੋ ਜਾਵੇਗੀ ਅਤੇ ਇੰਡਸਟਰੀ ਨੂੰ ਬੰਦ ਕਰਨਾ ਵੀ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਸਟੀਲ ਦੀਆਂ ਕੀਮਤਾਂ ਨੂੰ ਲੈ ਕੇ ਇਕ ਪਾਲਿਸੀ ਬਣਾਉਣੀ ਚਾਹੀਦੀ ਹੈ।