ਲੁਧਿਆਣਾ: ਲੁਧਿਆਣਾ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਮਰੀਜ਼ਾਂ ਦੀ ਵੱਧਦੀ ਗਿਣਤੀ ਕਾਰਨ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਜੇਕਰ ਲੁਧਿਆਣਾ ਸਿਵਲ ਹਸਪਤਾਲ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ 250 ਦੇ ਕਰੀਬ ਆਕਸੀਜਨ ਸਿਲੰਡਰਾਂ ਦੀ ਖਪਤ ਹੁੰਦੀ ਹੈ, ਜੋ ਪਹਿਲਾਂ ਸਾਰੇ ਹੀ ਬਾਹਰੋਂ ਮੰਗਵਾਏ ਜਾਂਦੇ ਸੀ। ਇਸ ਦੌਰਾਨ ਕਈ ਵਾਰ ਹਸਪਤਾਲ ਪ੍ਰਸ਼ਾਸਨ ਨੂੰ ਸਿਲੰਡਰਾਂ ਦੀ ਕਮੀ ਦਾ ਸਾਹਮਣਾ ਵੀ ਕਰਨਾ ਪਿਆ। ਇਸ ਦੇ ਚੱਲਦਿਆਂ ਲੁਧਿਆਣਾ ਸਿਵਲ ਹਸਪਤਾਲ 'ਚ ਨਵਾਂ ਆਕਸੀਜਨ ਪਲਾਂਟ ਲਗਾ ਦਿੱਤਾ ਗਿਆ ਹੈ, ਜੋ ਰੋਜ਼ਾਨਾ 126 ਸਿਲੰਡਰ ਆਕਸੀਜਨ ਤਿਆਰ ਕਰਦਾ ਹੈ। ਜਿਸ ਦੇ ਚੱਲਦਿਆਂ ਹਸਪਤਾਲ 'ਚ ਆ ਰਹੀ ਆਕਸੀਜਨ ਦੀ ਕਮੀ ਕੁ ਹੱਦ ਤੱਕ ਦੂਰ ਹੋ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਸਿਵਲ ਹਸਪਤਾਲ ਦੀ ਐੱਸਐੱਮਓ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਹੁਣ ਆਕਸੀਜਨ ਦੀ ਕੋਈ ਵੀ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਕਦੇ ਵੀ ਲੁਧਿਆਣਾ ਦੇ ਹਸਪਤਾਲਾਂ 'ਚ ਕਮੀਂ ਨਹੀਂ ਆਈ ਅਤੇ ਹੁਣ ਸਿਵਲ ਹਸਪਤਾਲ 'ਚ ਹੀ 126 ਆਕਸੀਜਨ ਸਿਲੰਡਰਾਂ ਦੀ ਸਮਰੱਥਾ ਵਾਲਾ ਇੱਕ ਨਵਾਂ ਪਲਾਂਟ ਸਥਾਪਿਤ ਕੀਤਾ ਗਿਆ ਹੈ। ਇਸ ਨਾਲ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਸ਼ਹਿਰ 'ਚ ਦਰਪੇਸ਼ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਕੁਝ ਮੀਡੀਆ ਅਦਾਰਿਆਂ ਵੱਲੋਂ ਬਿਨ੍ਹਾਂ ਕਿਸੇ ਆਧਾਰ 'ਤੇ ਆਕਸੀਜਨ ਦੀ ਕਮੀ ਦੀਆਂ ਖਬਰਾਂ ਜ਼ਰੂਰ ਲਗਾਈਆਂ ਜਾ ਰਹੀਆਂ ਹਨ ਪਰ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ 'ਚ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਹਸਪਤਾਲਾਂ 'ਚ ਤਰਲ ਆਕਸੀਜਨ ਬਣਾਉਣ ਦੇ ਪਲਾਂਟ ਲੱਗੇ ਹਨ, ਜਿਨ੍ਹਾਂ ਦੀ ਸਮਰੱਥਾ ਦੱਸ ਹਜ਼ਾਰ ਲੀਟਰ ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਮਰੀਜ਼ ਵੱਧਣ ਕਰਕੇ ਲੁਧਿਆਣਾ ਦੇ ਸਾਰੇ ਹਸਪਤਾਲਾਂ 'ਚ ਆਕਸੀਜਨ ਦੀ ਖਪਤ ਵੱਧਣ ਲੱਗੀ ਹੈ।
ਇਹ ਵੀ ਪੜ੍ਹੋ:ਕੋਰੋਨਾ ਮਰੀਜ਼ਾਂ ਲਈ ਪੰਜਾਬ ’ਚ ਅਗਲੇ ਤਿੰਨ ਦਿਨਾਂ ਲਈ ਮੈਡੀਕਲ ਆਕਸੀਜਨ ਮੌਜੂਦ