ਲੁਧਿਆਣਾ: ਪੰਜਾਬ ਦੇ ਵਿੱਚ ਵੱਧ ਰਹੀ ਗਰਮੀ ਨੇ ਜਿਥੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ ਉੱਥੇ ਹੀ ਜਾਨਵਰ ਵੀ ਇਸ ਗਰਮੀ ਤੋਂ ਤੰਗ ਆ ਚੁੱਕੇ ਹਨ। ਮਨੁੱਖ ਭਾਵੇਂ ਗਰਮੀ ਤੋਂ ਬਚਣ ਲਈ ਤਰਲ ਪਦਾਰਥਾਂ ਦੀ ਵਰਤੋਂ ਕਰਦਾ ਹੈ ਜਾਂ ਫਿਰ ਏਅਰ ਕੰਡੀਸ਼ਨਰ ਆਦਿ ਦੀ ਵਰਤੋਂ ਕਰਦਾ ਹੈ, ਉੱਥੇ ਹੀ ਜਾਨਵਰ ਖਾਸ ਕਰਕੇ ਸੜਕਾਂ 'ਤੇ ਘੁੰਮਣ ਵਾਲੇ ਅਵਾਰਾ ਜਾਨਵਰ ਗਰਮੀ ਚ ਪਰੇਸ਼ਾਨ ਹੋਣ ਕਰਕੇ ਹੁਣ ਇਨਸਾਨਾਂ 'ਤੇ ਹੀ ਆਪਣਾ ਗੁੱਸਾ ਕੱਢ ਰਹੇ ਹਨ। ਗਰਮੀਆਂ ਆਉਂਦੇ ਹੀ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢੇ ਜਾਣ ਦੇ ਮਾਮਲਿਆਂ ਵਿੱਚ ਵੀ ਇਜ਼ਾਫਾ ਹੋਇਆ ਹੈ। ਜਿਸ ਦੀ ਪੁਸ਼ਟੀ ਲੁਧਿਆਣਾ ਸੀਨੀਅਰ ਮੈਡੀਕਲ ਅਫਸਰ ਨੇ ਵੀ ਕੀਤੀ ਹੈ।
ਕਿੰਨੇ ਵਧੇ ਮਾਮਲੇ?: ਗਰਮੀਆਂ ਆਉਂਦੇ ਹੀ ਕੁੱਤਿਆਂ ਦੇ ਵੱਢਣ ਦੇ ਮਾਮਲੇ ਵਿੱਚ ਇਜ਼ਾਫ਼ਾ ਹੋ ਜਾਂਦਾ ਹੈ। ਇਹ ਰਿਪੋਰਟ ਦੱਸਦੀ ਹੈ ਅਤੇ ਸਿਵਲ ਹਸਪਤਾਲ ਦੇ ਅੰਕੜੇ ਵੀ ਦੱਸਦੇ ਹਨ। ਲੁਧਿਆਣਾ ਸਿਵਲ ਹਸਪਤਾਲ ਦੀ ਐਸਐਮਓ ਡਾ. ਅਮਰਜੀਤ ਨੇ ਦੱਸਿਆ ਕਿ ਹੁਣ ਰੋਜ਼ਾਨਾ ਐਵਰੇਜ 30 ਦੇ ਕਰੀਬ ਡਾਗ ਬਾਈਟ ਦੇ ਨਵੇਂ ਕੇਸ ਆ ਰਹੇ ਹਨ। ਉਨ੍ਹਾਂ ਕਿਹਾ ਹਾਲਾਂਕਿ ਗਰਮੀਆਂ ਤੋਂ ਪਹਿਲਾਂ ਇਹ 20-25 ਦੇ ਵਿਚਕਾਰ ਸੀ, ਉੱਥੇ ਹੀ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਨਾਲੋਂ ਇਸ ਸਾਲ ਡੌਗ ਬਾਈਟ ਦੇ ਮਾਮਲਿਆਂ ਦੇ ਵਿਚ ਦੁਗਣਾ ਇਜ਼ਾਫਾ ਹੋ ਗਿਆ ਹੈ।
ਸਾਲ 2021 ਦੇ ਅੰਕੜੇ: ਸਾਲ 2021 ਅੰਕੜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਨਵਰੀ ਮਹੀਨੇ ਵਿੱਚ 726 ਕੁੱਤਿਆਂ ਦੇ ਵੱਢਣ ਦੇ ਮਾਮਲੇ ਆਏ। ਜਿਨ੍ਹਾਂ ਵਿੱਚ 113 ਮਹਿਲਾਵਾਂ, 32 ਬੱਚੀਆਂ ਜਦੋਂਕਿ 433 ਮਰਦ, 148 ਬੱਚੇ ਸ਼ਾਮਿਲ ਹਨ। ਇਸੇ ਤਰ੍ਹਾਂ ਜੇਕਰ ਗੱਲ ਫਰਵਰੀ ਮਹੀਨੇ ਦੀ ਕੀਤੀ ਜਾਵੇ 620 ਮਾਮਲੇ ਸਾਹਮਣੇ ਆਏ। ਮਾਰਚ ਮਹੀਨੇ ਦੇ ਵਿੱਚ 272 ਮਾਮਲੇ, ਅਪ੍ਰੈਲ ਮਹੀਨੇ ਦੇ ਵਿੱਚ 277 ਮਾਮਲੇ, ਜਦੋਂ ਕਿ ਮਈ ਮਹੀਨੇ ਦੇ ਵਿੱਚ 201, ਜੂਨ-406, ਜੁਲਾਈ-500 ਅਗਸਤ-525, ਸਤੰਬਰ-607, ਅਕਤੂਬਰ-533, ਨਵੰਬਰ-660 ਅਤੇ ਦਸੰਬਰ-780 ਮਾਮਲੇ ਸਾਹਮਣੇ ਆਏ ।
ਸਾਲ 2022 ਦੇ ਅੰਕੜੇ: ਇਸ ਸਾਲ ਦੇ ਅੰਕੜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਨਵਰੀ ਮਹੀਨੇ ਦੇ ਵਿੱਚ ਹੀ ਕੁੱਤਿਆਂ ਦੇ ਵੱਢਣ ਦੇ 772 ਮਾਮਲੇ ਸਾਹਮਣੇ ਆਏ। ਇਸੇ ਤਰ੍ਹਾਂ ਇਸ ਸਾਲ ਫਰਵਰੀ ਦੀ ਗੱਲ ਕੀਤੀ ਜਾਵੇ ਤਾਂ 750 ਮਾਮਲੇ, ਮਾਰਚ ਮਹੀਨੇ ਦੇ ਵਿੱਚ 820 ਕੁੱਤਿਆਂ ਦੇ ਵੱਢਣ ਦੇ ਮਾਮਲੇ, ਜਦੋਂ ਕਿ ਅਪਰੈਲ ਮਹੀਨੇ ਅੰਦਰ 822 ਮਾਮਲੇ ਅਤੇ ਮਈ ਮਹੀਨੇ ਯਾਨੀ ਕਿ ਬੀਤੇ ਮਹੀਨੇ 763 ਕੁੱਤਿਆਂ ਦੇ ਵੱਢਣ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਅੰਕੜਿਆਂ ਤੋਂ ਜ਼ਾਹਿਰ ਹੈ ਕਿ ਹਰ ਸਾਲ ਇਕੱਲੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਹਜ਼ਾਰਾ ਡੌਗ ਬਾਈਟ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਦੋਂ ਕਿ ਇਹ ਸਰਕਾਰੀ ਅੰਕੜਾ ਹੈ ਜੋ ਸਰਕਾਰੀ ਹਸਪਤਾਲ ਤੋਂ ਲਿਆ ਗਿਆ ਹੈ। ਜਦਕਿ ਪ੍ਰਾਈਵੇਟ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਕੜਾ ਇਸ ਤੋਂ ਕਿਤੇ ਜ਼ਿਆਦਾ ਹੈ।
ਕਿੰਨੀ ਖ਼ਤਰਨਾਕ ਹੈ ਡੌਗ ਬਾਈਟ?: ਕੁੱਤਿਆਂ ਦੇ ਵੱਢਣ ਦੇ ਮਾਮਲੇ ਬੇਹੱਦ ਖ਼ਤਰਨਾਕ ਹੋ ਸਕਦੇ ਹਨ। ਇੱਥੋਂ ਤੱਕ ਕਿ ਜੇਕਰ ਇੱਕ ਵਾਰ ਰੈਬੀਜ ਦੀ ਬਿਮਾਰੀ ਲੱਗ ਜਾਵੇ ਤਾਂ ਇਸ ਦਾ ਕੋਈ ਵੀ ਇਲਾਜ ਨਹੀਂ ਹੈ। ਇਸ ਨਾਲ ਸਿੱਧਾ ਵਿਅਕਤੀ ਦੀ ਮੌਤ ਹੁੰਦੀ ਹੈ, ਜਿਸ ਦਾ ਖੁਲਾਸਾ ਲੁਧਿਆਣਾ ਸੀਨੀਅਰ ਮੈਡੀਕਲ ਅਫਸਰ ਡਾ ਅਮਨਦੀਪ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁੱਤੇ ਦੇ ਵੱਢਣ ਦੇ ਮਾਮਲੇ ਵਿੱਚ ਤੁਰੰਤ ਹਸਪਤਾਲ ਆ ਕੇ ਉਸ ਦਾ ਇਲਾਜ ਕਰਵਾਉਣਾ ਬੇਹੱਦ ਜ਼ਰੂਰੀ ਹੈ।
ਡਾਕਟਰ ਵੱਲੋਂ ਨਿਰਧਾਰਿਤ ਟੀਕੇ: ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਲਾਜ ਮੁਫਤ ਕਰਵਾਇਆ ਜਾਂਦਾ ਹੈ, ਸਿਰਫ਼ ਇੰਜੈਕਸ਼ਨ ਦੇ ਥੋੜ੍ਹੇ ਬਹੁਤ ਪੈਸੇ ਲਗਦੇ ਹਨ। ਉਨ੍ਹਾਂ ਦੱਸਿਆ ਕਿ ਚਾਰ ਜਾਂ ਫਿਰ ਪੰਜ ਵਾਰ ਕੁੱਤੇ ਦੇ ਵੱਢਣ ਵਾਲੇ ਨੂੰ ਇੰਜੈਕਸ਼ਨ ਲੱਗਦੇ ਨੇ ਜੋ ਕਿ ਹਸਪਤਾਲ ਦੇ ਡਾਕਟਰ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਮਰੀਜ਼ ਨੂੰ ਕਦੋਂ ਕਦੋਂ ਤੇ ਕਿੰਨੀ ਕਿੰਨੀ ਡੋਜ਼ ਦੇਣੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਤੇ ਦੇ ਵੱਢਣ ਨੂੰ ਹਲਕੇ ਦੇ ਵਿਚ ਨਹੀਂ ਲੈਣਾ ਚਾਹੀਦਾ ਕਈ ਵਾਰ ਹੋਣ ਨੂੰ ਕੁਝ ਵੀ ਨਹੀਂ ਹੁੰਦਾ ਅਤੇ ਕਈ ਵਾਰ ਮੌਤ ਤੱਕ ਹੋ ਜਾਂਦੀ ਹੈ। ਇਸ ਕਰਕੇ ਘਰੇਲੂ ਨੁਸਖ਼ੇ ਜਾਂ ਫਿਰ ਲੋਕਲ ਝੋਲਾ ਛਾਪ ਡਾਕਟਰਾਂ ਨੂੰ ਨਜ਼ਰਅੰਦਾਜ਼ ਕਰਕੇ ਸਿੱਧਾ ਸਿਵਲ ਹਸਪਤਾਲ ਆ ਕੇ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ।
ਦਿਨੋਂ ਦਿਨ ਵਧ ਰਹੇ ਮਾਮਲੇ: ਕੁੱਤਿਆਂ ਦੇ ਵੱਢਣ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਆਵਾਰਾ ਕੁੱਤੇ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ, ਕਿਉਂਕਿ ਸਰਕਾਰਾਂ ਵੱਲੋਂ ਇਨ੍ਹਾਂ ਨੂੰ ਮਾਰਨ 'ਤੇ ਪਾਬੰਦੀ ਹੈ। ਜਦੋਂਕਿ ਸਰਕਾਰ ਵੱਲੋਂ ਮਿਉਂਸੀਪਲ ਕਾਰਪੋਰੇਸ਼ਨ ਦੀ ਮੱਦਦ ਦੇ ਨਾਲ ਡਾਗ ਨਸਬੰਦੀ ਇਕ ਮੁਹਿੰਮ ਜ਼ਰੂਰ ਚਲਾਈ ਜਾ ਰਹੀ ਹੈ, ਪਰ ਜ਼ਮੀਨੀ ਪੱਧਰ 'ਤੇ ਉਹ ਹੋਰ ਕਿੰਨੇ ਕੁ ਕਾਰਗਰ ਹੈ ਜਾਂ ਫਿਰ ਉਸ ਦਾ ਕਿੰਨਾ ਕੁ ਅਸਰ ਹੋ ਰਿਹਾ ਹੈ ਇਸ ਬਾਰੇ ਤੁਹਾਨੂੰ ਆਪਣੇ ਗਲੀਆਂ ਇਲਾਕੇ ਸ਼ਹਿਰ ਕੁੱਤਿਆਂ ਦੀ ਜਨਸੰਖਿਆ ਤੋਂ ਹੀ ਪਤਾ ਲੱਗ ਸਕਦਾ ਹੈ। ਅਵਾਰਾ ਕੁੱਤਿਆਂ ਦਾ ਖੌਫ਼ ਬੀਤੇ ਕੁਝ ਸਾਲਾਂ ਦੇ ਅੰਦਰ ਇਸ ਕਦਰ ਭਰਿਆ ਹੈ ਕਿ ਕਈ ਬੱਚਿਆਂ ਨੂੰ ਉਹ ਆਪਣੀ ਲਪੇਟ 'ਚ ਲੈ ਚੁੱਕੇ ਹਨ।
ਮਾਹਿਰ ਡਾਕਟਰਾਂ ਦੀ ਸਲਾਹ: ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ਦੇ ਮਾਹਰ ਡਾਕਟਰਾਂ ਦਾ ਮੰਨਣਾ ਹੈ ਕਿ ਗਰਮੀ 'ਚ ਆਮ ਇਨਸਾਨ ਚਿੜਚਿੜਾ ਹੋ ਜਾਂਦਾ ਹੈ। ਉਸੇ ਤਰ੍ਹਾਂ ਸਾਡੇ ਪਾਲਤੂ ਜਾਨਵਰ ਜਾਂ ਆਵਾਰਾ ਕੁੱਤੇ ਵੀ ਚਿੜਚਿੜੇ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਗਰਮੀ ਲੱਗਦੀ ਹੈ ਤਾਂ ਉਹ ਠੰਢੀਆਂ ਥਾਂਵਾਂ ਭਾਲਦੇ ਹਨ। ਜਿਵੇਂ ਕੋਈ ਕਾਰ ਹੇਠਾਂ ਬੈਠ ਜਾਂਦਾ ਹੈ ਜਾਂ ਫਿਰ ਦਰੱਖਤ ਹੇਠਾਂ ਬੈਠ ਜਾਂਦਾ ਹੈ, ਪਰ ਜਦੋਂ ਉਨ੍ਹਾਂ ਨੂੰ ਹਟਾਇਆ ਜਾਂਦਾ ਹੈ ਤਾਂ ਕੱਟਦੇ ਹਨ। ਉਨ੍ਹਾਂ ਕਿਹਾ ਕਿ ਕਈ ਸਮਾਜ ਸੇਵੀ ਸੰਸਥਾਵਾਂ ਇਸ ਸੰਬੰਧੀ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਇਨਸਾਨ ਨੂੰ ਗਰਮੀ ਦੇ ਦੌਰਾਨ ਠੰਡਾ ਰਹਿਣ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਪਾਲਤੂ ਜਾਨਵਰਾਂ ਨੂੰ ਵੀ ਇਸੇ ਤਰ੍ਹਾਂ ਠੰਡਾ ਰੱਖਣਾ ਪੈਂਦਾ ਹੈ।
ਪਾਲਤੂ ਡੌਗ ਦਾ ਗਰਮੀਆਂ ਚ ਰੱਖ ਰਖਾਅ: ਰਿਪੋਰਟਾਂ ਦੱਸਦੀਆਂ ਹਨ ਕਿ ਮਨੁੱਖ ਨੂੰ ਵੱਢਣ ਦੇ ਮਾਮਲੇ ਜ਼ਿਆਦਾਤਰ ਆਵਾਰਾ ਕੁੱਤਿਆਂ ਵਲੋਂ ਹੀ ਸਾਹਮਣੇ ਆਉਂਦੇ ਹਨ ਪਰ ਕਈ ਵਾਰ ਪਾਲਤੂ ਘਰਾਂ ਦੇ ਕੁੱਤੇ ਵੀ ਵੱਢਣ ਲੱਗ ਜਾਂਦੇ ਹਨ। ਜਿਸ ਦਾ ਵੱਡਾ ਕਾਰਨ ਉਨ੍ਹਾਂ ਦਾ ਚਿੜਚਿੜਾ ਪਣ ਹੈ। ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਅਤੇ ਡਿਪਾਰਟਮੈਂਟ ਦੇ ਮੁਖੀ ਅਸ਼ਵਨੀ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਈ ਡਾਗ ਬਰੀਡ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਸਾਹ ਨਾਲੀ ਜਾਂ ਡਾਕਟਰ ਕਾਫੀ ਛੋਟਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਗਰਮੀਆਂ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਨਵਰਾਂ ਨੂੰ ਠੰਢੀਆਂ ਥਾਵਾਂ 'ਤੇ ਰੱਖਣਾ: ਉਨ੍ਹਾਂ ਕਿਹਾ ਕਿ ਕੁੱਤਿਆਂ ਨੂੰ ਪਸੀਨੇ ਕਰਕੇ ਉਨ੍ਹਾਂ ਨੂੰ ਆਪਣੇ ਸਰੀਰ ਦੇ ਤਾਪਮਾਨ ਨੂੰ ਨਿਯੰਤਰਣ 'ਚ ਰੱਖਣਾ ਪੈਂਦਾ ਹੈ, ਇਸ ਕਰਕੇ ਉਹ ਜ਼ੋਰ ਜ਼ੋਰ ਦੀ ਗਰਮੀਆਂ ਦੇ ਦੌਰਾਨ ਸਾਹ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਨੂੰ ਕੇਅਰ ਦੀ ਲੋੜ ਹੈ। ਇਸ ਕਰਕੇ ਜਾਨਵਰਾਂ ਨੂੰ ਠੰਢੀਆਂ ਥਾਵਾਂ 'ਤੇ ਰੱਖਣਾ ਚਾਹੀਦਾ ਹੈ। ਦਿਨ 'ਚ ਦੋ ਵਾਰ ਨਹਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨਹਾਉਣ ਤੋਂ ਬਾਅਦ ਕੁੱਤਿਆਂ ਨੂੰ ਪੱਖੇ ਅੱਗੇ ਬਿਠਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਆਮ ਹੋ ਸਕੇ। ਇਸ ਤੋਂ ਇਲਾਵਾ ਗਰਮੀਆਂ ਦੇ ਵਿੱਚ ਕੁੱਤੇ ਨੂੰ ਤੜਕਸਾਰ ਜਾਂ ਫਿਰ ਸ਼ਾਮ ਨੂੰ ਹੀ ਸੈਰ ਕਰਵਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਗੁਰੂ ਨਗਰੀ 'ਚ ਇੱਕ ਹੋਰ ਵੱਡੀ ਵਾਰਦਾਤ, NRI ਦਾ ਗੋਲੀਆਂ ਮਾਰ ਕੇ ਕਤਲ