ਲੁਧਿਆਣਾ: ਗਲੋਬਲ ਵਾਰਮਿੰਗ ਅਤੇ ਕਲਾਈਮੇਟ ਵਿੱਚ ਬਦਲਾਅ ਹੋਣ ਕਰਕੇ ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਨੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਫਰਵਰੀ ਮਹੀਨੇ ਵਿੱਚ ਗਰਮੀ ਨੇ 122 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਦਿਨ ਵੇਲੇ ਦਾ ਪਾਰਾ ਲਗਭਗ 28 ਡਿਗਰੀ ਜਦੋਂ ਕੇ ਰਾਤ ਦਾ ਪਾਰਾ 13 ਤੋਂ 14 ਡਿਗਰੀ ਦੇ ਨੇੜੇ ਚਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਹਫਤੇ ਵੀ ਮੌਸਮ ਅਜਿਹਾ ਹੀ ਰਹੇਗਾ ਅਤੇ ਗਰਮੀਂ ਹੋਰ ਵਧੇਗੀ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਕਿਸਮ ਦੀ ਪੱਛਮੀ ਚੱਕਰਵਾਤ ਨਹੀਂ ਆ ਰਿਹਾ ਹੈ ਇਸ ਕਰਕੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਰਿਸ਼ ਨਾ ਹੋਣ ਕਰਕੇ ਹੀਟ ਵੇਵਸ ਵੱਧ ਰਹੀ ਹੈ।
ਕਣਕ ਨੂੰ ਪੀਲੀ ਕੁੰਗੀ: ਪੀਏਯੂ ਦੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਕਿ ਫਿਲਹਾਲ ਤਿੰਨ ਚਾਰ ਦਿਨ ਤੋਂ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ ਉਸ ਮੁਤਾਬਿਕ ਕਣਕ ਨੂੰ ਪੀਲੀ ਕੁੰਗੀ ਤੋਂ ਨਿਜਾਤ ਮਿਲੇਗੀ। ਉਨ੍ਹਾ ਕਿਹਾ ਕਿ ਅਜਿਹੇ ਮੌਸਮ ਵਿੱਚ ਪੀਲੀ ਕੁੰਗੀ ਅਕਸਰ ਹੀ ਕਣਕ ਨੂੰ ਲੱਗ ਜਾਂਦੀ ਹੈ, ਪਰ ਇਸ ਵਾਰ ਮੌਸਮ ਵਿੱਚ ਤਬਦੀਲੀਆਂ ਆਉਣ ਕਰਕੇ ਕਿਸਾਨਾਂ ਨੂੰ ਰਾਹਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀ ਫ਼ਸਲ ਨੂੰ ਸਪਰੇਅ ਕਰ ਸਕਦੇ ਨੇ ਨਾਲ ਹੀ ਉਨ੍ਹਾਂ ਕਿਹਾ ਕਿ ਦਿਨ ਦਾ ਤਾਪਮਾਨ ਇਸ ਸਮੇਂ ਤੇਜ਼ੀ ਨਾਲ ਉੱਪਰ ਵੱਲ ਜਾ ਰਿਹਾ ਹੈ ਪਰ ਰਾਤ ਦਾ ਤਾਪਮਾਨ ਫਿਲਹਾਲ ਠੀਕ ਹੈ ਜਿਸ ਕਰਕੇ ਫਸਲਾਂ ਨੂੰ ਬਹੁਤ ਜ਼ਿਆਦਾ ਮਾਰ ਨਹੀਂ ਪੈ ਰਹੀ। ਉਨ੍ਹਾਂ ਕਿਹਾ ਕਿ ਜੇਕਰ ਗਰਮੀ ਲਗਾਤਾਰ ਵਧਦੀ ਰਹੀ ਤਾਂ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਪੰਜਵਾਂ ਪਾਣੀ ਲਗਾਉਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।
122 ਸਾਲ ਦਾ ਰਿਕਾਰਡ ਟੁੱਟਿਆ: ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਕਿ ਗਰਮੀਂ ਨੇ 122 ਸਾਲ ਦਾ ਰਿਕਾਰਡ ਤੋੜਿਆ ਹੈ, ਉਨ੍ਹਾਂ ਕਿਹਾ ਕਿ ਆਈ ਐਮ ਡੀ ਦੇ ਮੁਤਾਬਿਕ 2023 ਦਾ ਫਰਵਰੀ ਮਹੀਨਾ ਸਭ ਤੋਂ ਗਰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਹੀਟ ਵੇਵਸ ਕਰਕੇ ਗਰਮੀ ਦੇ ਵਿੱਚ ਵਾਧਾ ਹੋ ਰਿਹਾ ਹੈ, ਉਨ੍ਹਾਂ ਦੱਸਿਆ ਕਿ ਇੰਨਾ ਗਰਮ ਫਰਵਰੀ ਮਹੀਨਾ ਕਦੇ ਵੀ ਨਹੀਂ ਰਿਹਾ ਸੀ ਅਤੇ ਮਾਰਚ ਮਹੀਨੇ ਵਿੱਚ ਵੀ ਕਾਫ਼ੀ ਗਰਮੀ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀਤੇ 2 ਮਹੀਨਿਆਂ ਤੋਂ ਮੌਸਮ ਪੂਰੀ ਤਰ੍ਹਾਂ ਡਰਾਈ ਚੱਲ ਰਿਹਾ ਹੈ ਅਤੇ ਮੀਂਹ ਨਹੀਂ ਪੈ ਰਿਹਾ ਜਿਸ ਕਰਕੇ ਫਰਵਰੀ ਮਹੀਨੇ ਦੇ ਵਿੱਚ ਹੀ ਗਰਮੀ ਨੇ ਆਪਣਾ ਜ਼ੋਰ ਫੜ ਲਿਆ ਸੀ, ਇਹੀ ਕਾਰਨ ਹੈ ਕਿ ਫਰਵਰੀ ਦਾ ਮਹੀਨਾ ਕਾਫ਼ੀ ਗਰਮ ਰਿਹਾ ਹੈ।
ਇਹ ਵੀ ਪੜ੍ਹੋ: Fake accident in Jalandhar: ਮੰਗੇਤਰ ਨਾਲ ਕਾਰ 'ਚ ਜਾ ਰਹੀ ਲੜਕੀ ਹਾਦਸੇ ਦੀ ਸ਼ਿਕਾਰ, ਪਰਿਵਾਰ ਨੇ ਲਾਇਆ ਮੁੰਡੇ ਉੱਤੇ ਮਾਰਨ ਦਾ ਇਲਜ਼ਾਮ