ਲੁਧਿਆਣਾ: ਜ਼ਿਲ੍ਹੇ ਚ ਪੁਲਿਸ ( Police) ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਦੇ ਤਹਿਤ ਪੁਲਿਸ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ। ਸਮਰਾਲਾ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਾਜਾਇਜ਼ ਹਥਿਆਰਾਂ (illegal weapons) ਸਮੇਤ 3 ਮੁਲਜ਼ਮਮਾਂ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਸਮਰਾਲਾ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਸਹਾਇਕ ਐਸ.ਐਚ.ਓ ਪਵਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਪੁਲਿਸ ਚੌਂਕੀ ਮੁਖੀਆਂ ਕੋਲ ਨਾਕਾ ਲਗਾ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਨਾਕੇ ਦੌਰਾਨ ਚੰਡੀਗੜ੍ਹ ਵਾਲੇ ਪਾਸੇ ਤੋਂ ਇਕ ਹੋਰ ਕਾਰ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਪੁਲਿਸ ਪਾਰਟੀ ਨੇ ਰੋਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਨੇ ਕਾਰ ਨੂੰ ਰੋਕਣ ਦੀ ਬਜਾਇ ਭਜਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਾਰ ਦੇ ਅੱਗੇ ਬੈਰੀਕੇਡ ਲਗਾ ਦਿੱਤਾ ਅਤੇ ਕਾਰ ਨੂੰ ਰੋਕਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਮ-ਪਤਾ ਪੁੱਛਣ 'ਤੇ ਉਨ੍ਹਾਂ ਨੇ ਆਪਣਾ ਨਾਮ ਪੰਕਜ ਰਾਜਪੂਤ ਪੁੱਤਰ ਵੀਰਪਾਲ ਤਾਜਪੁਰ ਰੋਡ ਲੁਧਿਆਣਾ, ਅਪੂਰਵ ਚੋਪੜਾ ਉਰਫ਼ ਮੰਨੂ ਪੁੱਤਰ ਸੁਧੀਰ ਚੋਪੜਾਅਤੇ ਚੇਤਨ ਮਿਸ਼ਰਾ ਉਰਫ਼ ਤੇਜੂ ਪੁੱਤਰ ਰਤਨ ਮਿਸ਼ਰਾ ਵਾਸੀ ਰਾਜੂ ਕਾਲੋਨੀ ਦੱਸਿਆ ਹੈ। ਇਹ ਤਿੰਨੇ ਹੀ ਮੁਲਜ਼ਮ ਲੁਧਿਆਣਾ ਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 3 ਪਿਸਤੌਲ , 30 ਜਿੰਦਾ ਕਾਰਤੂਸ ਅਤੇ ਉਨ੍ਹਾਂ ਕੋਲੋਂ 5 ਮੈਗਜ਼ੀਨ ਬਰਾਮਦ ਹੋਏ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਕਜ ਰਾਜਪੂਤ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 8 ਅਤੇ ਚੇਤਨ ਮਿਸ਼ਰਾ ਖ਼ਿਲਾਫ਼ ਇੱਕ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਇਸ ਦੌਰਾਨ ਇਨ੍ਹਾਂ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਉਪ ਮੁੱਖ ਮੰਤਰੀ ਓ.ਪੀ ਸੋਨੀ ਦਾ ਜੈਤੋ ਪਹੁੰਚਣ 'ਤੇ ਸ਼ਹਿਰ ਵਾਸੀਆਂ ਵੱਲੋਂ ਵਿਰੋਧ