ਲੁਧਿਆਣਾ: ਖੇਤੀ ਕਾਨੂੰਨਾਂ ਕਾਰਨ ਪਹਿਲਾਂ ਹੀ ਮੁਸੀਬਤ ਵਿੱਚ ਫਸੇ ਸੂਬੇ ਦੇ ਕਿਸਾਨ ਨੂੰ ਹੁਣ ਇੱਕ ਹੋਰ ਮੁਸੀਬਤ ਘੇਰ ਲਿਆ ਹੈ। ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਜਿੱਥੇ ਨਰਮੇ ਅਤੇ ਕਪਾਹ ਦੀ ਖੇਤੀ ਜ਼ਿਆਦਾ ਕੀਤੀ ਜਾਂਦੀ ਹੈ ਉਸ ਉੱਪਰ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਗੁਲਾਬੀ ਸੁੰਡੀ ਦੇ ਹਮਲੇ ਦੇ ਕਾਰਨ ਕਿਸਾਨਾਂ ਨੂੰ ਚਿੰਤਾ ਸਤਾ ਲਗਾਉਣ ਲੱਗੀ ਹੈ।
ਪੰਜਾਬ ‘ਚ ਗੁਲਾਬੀ ਸੁੰਡੀ ਦੀ ਦਸਤਕ
ਜ਼ਿਆਦਾਤਰ ਨਰਮੇ ਤੇ ਕਪਾਹ ਦੀ ਖੇਤੀ ਪੰਜਾਬ ਦੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ ਅਤੇ ਇੱਥੇ ਹੀ ਇਸ ਸੁੰਡੀ ਦਾ ਕਹਿਰ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ। ਗੁਲਾਬੀ ਸੁੰਡੀ ਦੇ ਹਮਲੇ ਨੂੰ ਲੈਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਇਸ ਮੁਸੀਬਤ ਦੇ ਵਿੱਚੋਂ ਕੱਢਣ ਦੇ ਲਈ ਕਈ ਤਰ੍ਹਾਂ ਉਪਾਅ ਦੱਸੇ ਗਏ ਹਨ।
ਈਟੀਵੀ ਭਾਰਤ ਦੀ ਟੀਮ ਵੱਲੋਂ ਖੇਤੀਬਾੜੀ ਮਾਹਿਰਾਂ ਨਾਲ ਖਾਸ ਗੱਲਬਾਤ
ਕਿਸਾਨਾਂ ਦੀ ਇਸ ਸਮੱਸਿਆ ਨੂੰ ਲੈਕੇ ਈਟੀਵੀ ਭਾਰਤ ਦੀ ਟੀਮ ਦੇ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਖਾਸ ਗੱਲਾਬਾਤ ਕੀਤੀ ਗਈ ਹੈ ਤਾਂ ਕਿਸਾਨਾਂ ਤੱਕ ਇਸ ਮਸਲੇ ਤੋਂ ਛੁਟਕਾਰਾ ਪਾਉਣ ਦੇ ਲਈ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ।
ਖੇਤੀਬਾੜੀ ਮਾਹਿਰਾਂ ਨੇ ਦਿੱਤੀ ਅਹਿਮ ਜਾਣਕਾਰੀ
ਖੇਤੀਬਾੜੀ ਮਾਹਿਰ ਡਾਕਟਰ ਵਿਜੇ ਵੱਲੋਂ ਗੁਲਾਬੀ ਸੁੰਡੀ ਤੋਂ ਕਿਸਾਨਾਂ ਦੀ ਨਰਮੇ ਦੀ ਫਸਲ ਨੂੰ ਬਚਾਉਣ ਦੇ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਵੇਂ ਕਿਸਾਨ ਆਪਣੀ ਫਸਲ ਨੂੰ ਇਸ ਖਤਰਨਾਕ ਸੁੰਡੀ ਦੇ ਕਹਿਰ ਤੋਂ ਬਚ ਸਕਦੇ ਹਨ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਸੁੰਡੀ ਦਾ ਕਹਿਰ ਪੰਜਾਬ ਤੋਂ ਇਲਾਵਾ ਗੁਜਰਾਤ ਅਤੇ ਮਹਾਰਾਸ਼ਟਰ ਦੇ ਵਿੱਚ ਵੀ ਵੱਡੇ ਪੱਧਰ ਉੱਪਰ ਹੋ ਰਿਹਾ ਹੈ।
ਗੁਲਾਬੀ ਸੁੰਡੀ ਨੇ ਬਠਿੰਡਾ ਤੇ ਮਾਨਸਾ ‘ਚ ਪਸਾਰੇ ਪੈਰ
ਪੰਜਾਬ ਦੀ ਮਾਲਵਾ ਪੱਟੀ ਆਪਣੀ ਨਰਮ ਫਸਲ ਲਈ ਜਾਣੀ ਜਾਂਦੀ ਹੈ। ਸਾਲ 2017 ਅਤੇ 18 ਗੁਲਾਬੀ ਸੁੰਡੀ ਨੇ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਨਰਮੇ ਦੀ ਫਸਲ ਨੂੰ ਵੱਡੇ ਪੱਧਰ ਉੱਪਰ ਨੁਕਸਾਨ ਪਹੁੰਚਾਇਆ ਸੀ। ਇਸ ਤੋਂ ਬਾਅਦ ਹੁਣ ਇਸ ਸੁੰਡੀ ਦੀ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੀ ਹੈ।
ਖੇਤੀਬਾੜੀ ਮਾਹਿਰਾਂ ਦੀ ਟੀਮ ਦਾ ਗਠਨ
ਕਿਸਾਨਾਂ ਲਈ ਖੜ੍ਹੀ ਹੋਈ ਇਸ ਸਮੱਸਿਆ ਨੂੰ ਲੈਕੇ ਕੇਂਦਰ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਇਸ ਗਠਿਤ ਕੀਤੀ ਗਈ ਕਮੇਟੀ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਇਸ ਦੀ ਪੂਰੀ ਜਾਣਕਾਰੀ ਖੇਤੀਭਾੜੀ ਵਿਭਾਗ ਨੂੰ ਦਿੱਤੀ ਜਾਵੇਗੀ। ਇਸ ਮਸਲੇ ਨੂੰ ਲੈਕੇ ਪੰਜਾਬ ਖੇਤੀਬਾੜੀ ਵਿਭਾਗ ਲੁਧਿਆਣਆ ਦੇ ਮਾਹਿਰਾਂ ਦੇ ਵੱਲੋਂ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿਵੇਂ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।
ਖੇਤੀਬਾੜੀ ਮਾਹਿਰਾਂ ਦੀ ਕਿਸਾਨਾਂ ਨੂੰ ਸਲਾਹ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕੀਟ ਵਿਭਾਗ ਦੇ ਮਾਹਿਰ ਡਾਕਟਰ ਵਿਜੇ ਨੇ ਦੱਸਿਆ ਕਿ ਇਹ ਇੱਕ ਵੱਡੀ ਸਮੱਸਿਆ ਹੈ ਜਿਸ ਤੋਂ ਕਿਸਾਨਾਂ ਨੂੰ ਬਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਚਣ ਲਈ ਕਿਸਾਨਾਂ ਨੂੰ ਆਪਣੀ ਫਸਲ ਦਾ ਸਰਵੇਖਣ ਕਰਨਾ ਚਾਹੀਦਾ ਹੈ।
'ਕਿਸਾਨ ਖੁਦ ਕਰਨ ਫਸਲ ਦਾ ਸਰਵੇਖਣ'
ਇਸ ਦੌਰਾਨ ਉਨ੍ਹਾਂ ਕਿਸਾਨਾਂ ਸਲਾਹ ਦਿੱਤੀ ਗਈ ਹੈ ਕਿ ਕਿਸਾਨ ਖੁਦ ਫਸਲ ਦੀ ਜਾਂਚ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਹਫਤੇ ਵਿੱਚ 1 ਜਾਂ 2 ਵਾਰ ਆਪਣੀ ਫਸਲ ਦਾ ਮੁਆਇਨਾ ਕਰਨ। ਮਾਹਿਰ ਨੇ ਦੱਸਿਆ ਕਿ ਜੇ ਇੱਕ ਦੋ ਵਾਰ ਜਾਂਚ ਨਹੀਂ ਕੀਤੀ ਜਾਂਦੀ ਤਾਂ ਘੱਟੋ-ਘੱਟ ਇੱਕ ਵਾਰ ਫਸਲ ਦੀ ਜਾਂਚ ਜ਼ਰੂਰ ਕੀਤੀ ਜਾਵੇ ਤਾਂ ਕਿ ਗੁਲਾਬੀ ਸੁੰਡੀ ਦੇ ਹਮਲੇ ਦਾ ਸਹੀ ਤਰੀਕੇ ਨਾਲ ਪਤਾ ਲਗਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਜੋ ਫਸਲ ਦੀ ਜਾਂਚ ਕਿਸ ਨਾਲ ਕਰਨੀ ਹੈ। ਉਨ੍ਹਾਂ ਦੱਸਿਆ ਕਿ ਫਸਲ ਨੂੰ ਜਾਂਚ ਹਿੱਸਿਆਂ ਵਿੱਚ ਵੰਡ ਕੇ ਵੱਖ ਵੱਖ ਥਾਵਾਂ ਤੋਂ ਨਰਮੇ ਦੇ ਖਿੜੇ ਫੁੱਲਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਗੁਲਾਬੀ ਸੁੰਡੀ ਦਾ ਪਤਾ ਲਗਾਇਆ ਜਾ ਸਕੇ।
ਕੀਟਨਾਸ਼ਕ ਦਵਾਈਆਂ ਬਾਰੇ ਦਿੱਤੀ ਅਹਿਮ ਜਾਣਕਾਰੀ
ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਦੱਸਿਆ ਹੈ ਕਿ ਜੇਕਰ ਇਸ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਇਸ ਤੋਂ ਬਚਣ ਦੇ ਲਈ ਕੇਂਦਰ ਤੇ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਸਪਰੇਆਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਤਾਂ ਕਿ ਇਨ੍ਹਾਂ ਸਪਰੇਆਂ ਦਾ ਛਿੜਕਾਅ ਕਰਕੇ ਆਪਣੀ ਫਸਲ ਦੇ ਨੁਕਸਾਨ ਨੂੰ ਬਚਾ ਸਕਣ।
ਡਾ. ਵਿਜੇ ਮਾਹਿਰ ਨੇ ਦੱਸਿਆ ਕਿ ਇੱਕ ਏਕੜ ਫਸਲ ਉੱਪਰ 250 ਮਿਲੀਲੀਟਰ ਡਾਰਵਿਨ, ਇੰਥਿਓਨ 800 ਮਿਲੀਲੀਟਰ ਦੇ ਹਿਸਾਬ ਨਾਲ ਵਰਤੀ ਜਾ ਸਕਦੀ ਹੈ। ਇਸਦੇ ਨਾਲ ਹੀ ਫਿਲਮੈਂਡਾ ਮਾਈਟ ਕੀਟਨਾਸ਼ਕ ਦੀ ਵਰਤੋਂ 40 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ। ਖੇਤੀ ਬਾੜੀ ਮਾਹਿਰ ਨੇ ਦੱਸਿਆ ਕਿ 200 ਮਿਲੀਲੀਟਰ ਪ੍ਰਤੀ ਏਕੜ ਉੱਪਰ ਇਨਡਾਸਾ ਕੀਟਨਾਸ਼ਕ ਦਵਾਈ ਦੀ ਛਿੜਕਾਅ ਵੀ ਕੀਤਾ ਜਾ ਸਕਦਾ ਹੈ।
ਦਵਾਈਆਂ ਦੀ ਵਰਤੋਂ ਦੇ ਢੰਗਾਂ ਬਾਰੇ ਵੀ ਦਿੱਤੀ ਜਾਣਕਾਰੀ
ਖੇਤੀਬਾੜੀ ਮਾਹਿਰ ਦੇ ਵੱਲੋਂ ਉੱਪਰ ਦੱਸੀਆਂ ਗਈਆਂ ਦਵਾਈਆਂ ਦੇ ਛਿੜਕਾਅ ਦੇ ਢੰਗਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਸਾਰੇ- ਫੁੱਲਾਂ ਉੱਪਰ ਹੋਣੀ ਚਾਹੀਦੀ ਹੈ ਤਾਂ ਹੀ ਸੁੰਡੀ ਨੂੰ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇ ਸਾਰੇ ਫੁੱਲਾਂ ਉੱਪਰ ਇਸ ਦਵਾਈ ਦੀ ਵਰਤੋਂ ਨਾ ਕੀਤੀ ਗਈ ਤਾਂ ਇਸਦਾ ਅਸਰ ਨਹੀਂ ਹੋਵੇਗਾ ਤੇ ਸੁੰਡੀ ਨੂੰ ਖਤਮ ਨਹੀਂ ਕੀਤਾ ਜਾ ਸਕੇਗਾ।