ਲੁਧਿਆਣਾ: ਦੇਰ ਰਾਤ ਲੁਧਿਆਣਾ ਵਿੱਚ ਇੱਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਗਿੱਲ ਰੋਡ 'ਤੇ ਇੱਕ ਤੇਜ਼ ਰਫ਼ਤਾਰ ਥਾਰ ਕਾਰ ਨੇ ਬੇਕਾਬੂ ਹੋ ਕੇ 2 ਮੋਟਰਸਾਇਕਲਾਂ ਨੂੰ ਦਰੜ ਦਿੱਤਾ। ਹਾਦਸੇ 'ਚ ਦੋਵੇਂ ਮੋਟਰਸਾਈਕਲ ਕਾਰ ਦੇ ਹੇਠਾਂ ਫਸ ਗਏ। ਹਾਦਸੇ 'ਚ ਦੋ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਦੀ ਲੱਤ ਵੀ ਟੁੱਟ ਗਈ। ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਗੁੱਸੇ 'ਚ ਲੋਕਾਂ ਨੇ ਭੰਨੀ ਗੱਡੀ: ਥਾਰ ਸਵਾਰ ਕਾਰ ਵਿੱਚ ਪਾਰਟੀ ਕਰ ਰਹੇ ਸਨ, ਕਾਰ ਵਿੱਚ ਨਮਕੀਨ ਅਤੇ ਸੋਡਾ ਵੀ ਦੇਖਿਆ ਗਿਆ। ਇੰਨਾ ਹੀ ਨਹੀਂ ਗੁੱਸੇ 'ਚ ਆਏ ਲੋਕਾਂ ਨੇ ਕਾਰ ਦੀ ਭੰਨਤੋੜ ਵੀ ਕੀਤੀ। ਹਾਲਾਂਕਿ ਲੋਕਾਂ ਨੇ ਇਕ ਕਾਰ ਚਾਲਕ ਨੂੰ ਮੌਕੇ 'ਤੇ ਹੀ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜ਼ਖਮੀ ਨੌਜਵਾਨਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਗੱਡੀ ਹੇਠ ਦਿੱਤੇ ਦੋ ਮੋਟਰਸਾਇਕਲ ਤੇ ਵਿਅਕਤੀ ਜ਼ਖ਼ਮੀ: ਇਸ ਸਬੰਧੀ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਥਾਰ ਗੱਡੀ ਦੀ ਰਫਤਾਰ ਤੇਜ਼ ਸੀ, ਜਿਸ ਕਰਕੇ ਉਸ ਨੇ ਬੇਕਾਬੂ ਹੋਕੇ 2 ਮੋਟਰਸਾਇਕਲਾਂ 'ਤੇ ਕਾਰ ਚੜ੍ਹਾ ਦਿੱਤੀ। ਉਨ੍ਹਾਂ ਦੱਸਿਆ ਕਿ ਮੋਟਰਸਾਇਕਲ ਸਵਾਰ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ। ਰਾਹਗੀਰਾਂ ਦੇ ਦੱਸਣ ਮੁਤਾਬਿਕ ਇੱਕ ਮੋਟਰਸਾਇਕਲ ਸਵਾਰ ਦੀ ਲੱਤ ਟੁੱਟ ਗਈ ਅਤੇ ਬਾਕੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਕਿਹਾ ਕਿ ਥਾਰ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਪੁਲਿਸ ਵਲੋਂ ਕਾਰਵਾਈ ਸ਼ੁਰੂ: ਉਧਰ ਕਾਰ ਹੇਠਾਂ ਤੋਂ ਪੁਲਿਸ ਨੇ ਮੌਕੇ 'ਤੇ ਆ ਕੇ ਮੋਟਰਸਾਇਕਲਾਂ ਨੂੰ ਬਾਹਰ ਕੱਢਿਆ। ਕਾਰ 'ਚ ਖਾਰਾ ਅਤੇ ਨਮਕੀਨ ਬਰਾਮਦ ਹੋਇਆ, ਜਿਸ ਤੋਂ ਲਗਦਾ ਕੇ ਥਾਰ 'ਚ ਪਾਰਟੀ ਚੱਲ ਰਹੀ ਸੀ। ਹਾਲਾਂਕਿ ਥਾਰ ਚਾਲਕ ਨੇ ਨਸ਼ਾ ਕੀਤਾ ਸੀ ਜਾਂ ਨਹੀਂ ਇਸ ਦੀ ਪੁਸ਼ਟੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੋਵੇਗੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਹੈ ਤੇ ਦੱਸਿਆ ਕਿ ਇੱਕ ਵਿਅਕਤੀ ਨੂੰ ਹਿਰਾਸਤ 'ਚ ਲੈਕੇ ਥਾਣੇ ਭੇਜ ਦਿੱਤਾ ਹੈ।