ਲੁਧਿਆਣਾ: ਘੋੜਾ ਕਾਲੋਨੀ ਵਿੱਚ ਪੁਲਿਸ ਵੱਲੋਂ ਕੀਤੀ ਗਈ ਤੜਕਸਾਰ ਰੇਡ ਤੋਂ ਬਾਅਦ ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 40 ਸ਼ੱਕੀ ਲੋਕਾਂ ਨੂੰ ਰਾਊਂਡਅਪ ਕੀਤਾ ਗਿਆ ਸੀ ਜਿਨ੍ਹਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 6 ਵੱਖ-ਵੱਖ ਮਾਮਲਿਆਂ ਵਿੱਚ 329 ਗ੍ਰਾਮ ਹੈਰੋਇਨ ਪੁਲਿਸ ਨੇ ਬਰਾਮਦ ਕੀਤੀ ਹੈ ਅਤੇ ਇੱਕ ਦੇਸੀ ਕੱਟਾ ਵੀ ਬਰਾਮਦ ਹੋਇਆ।
ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਘੋੜਾ ਕਾਲੋਨੀ ਵਿੱਚ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਉੱਥੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਅਤੇ ਬੇਹੱਦ ਗ਼ਰੀਬ ਪਰਿਵਾਰ ਹੋਣ ਕਾਰਨ ਕੁਝ ਸਮਾਜਸੇਵੀ ਸੰਸਥਾਵਾਂ ਵਲੋਂ ਉਨ੍ਹਾਂ ਪਰਿਵਾਰਾਂ ਦੀ ਭਲਾਈ ਲਈ ਮਦਦ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਇਲਾਵਾ ਲੁਧਿਆਣਾ ਪੁਲਿਸ ਵੱਲੋਂ 6 ਵੱਖ-ਵੱਖ ਮਾਮਲਿਆਂ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਹੈ। ਇਨ੍ਹਾਂ ਚੋਂ ਮੁੱਖ ਮੁਲਜ਼ਮ ਹਰਵਿੰਦਰ ਘੋੜਾ ਕਾਲੋਨੀ ਦਾ ਹੀ ਰਹਿਣ ਵਾਲਾ ਹੈ ਜਿਸ 'ਤੇ ਪਹਿਲਾਂ ਵੀ ਤਸਕਰੀ ਦੇ ਮਾਮਲੇ ਦਰਜ ਹਨ।
ਜਦਕਿ ਘੋੜਾ ਕਾਲੋਨੀ ਵਿੱਚ ਕੁਝ ਮਹੀਨੇ ਪਹਿਲਾਂ ਹੀ ਲਾਈਵ ਹੋ ਕੇ ਚਿੱਟਾ ਖ਼ਰੀਦਣ ਅਤੇ ਉਸ ਦੇ ਵਿਕਣ ਦਾ ਪ੍ਰਮਾਣ ਦੇ ਚੁੱਕੇ ਸਿਮਰਜੀਤ ਬੈਂਸ ਨੇ ਮੁੜ ਤੋਂ ਪੁਲਿਸ 'ਤੇ ਵਰਦਿਆਂ ਕਿਹਾ ਕਿ ਚਿੱਟਾ ਅੱਜ ਵੀ ਸ਼ਰੇਆਮ ਸਬਜ਼ੀਆਂ ਵਾਂਗੂ ਵਿਕ ਰਿਹਾ ਹੈ ਅਤੇ ਪੁਲਿਸ ਦੀ ਵੀ ਇਸ ਵਿੱਚ ਸ਼ਹਿ ਹੈ ਕਿਉਂਕਿ ਬਿਨਾਂ ਪੁਲਿਸ ਦੀ ਮਰਜ਼ੀ ਤੋਂ ਚਿੱਟਾ ਨਹੀਂ ਵਿਕ ਸਕਦਾ।
ਇਹ ਵੀ ਪੜ੍ਹੋ: ਅਰਦਾਸ ਸਮੇਂ ਹਵਾਈ ਫਾਇਰ ਕਰਨ 'ਤੇ ਸਿੰਘ ਸਾਹਿਬ ਨੇ ਦਿੱਤੀ ਸਫ਼ਾਈ
ਸੋ ਇੱਕ ਪਾਸੇ ਜਿੱਥੇ ਪੁਲਿਸ ਨਸ਼ੇ ਦੀ ਬਰਾਮਦਗੀ ਤੋਂ ਬਾਅਦ ਆਪਣੀ ਪਿੱਠ ਥਪਥਪਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸਿਮਰਜੀਤ ਬੈਂਸ ਪੁਲਿਸ ਦੀ ਕਾਰਗੁਜ਼ਾਰੀ 'ਤੇ ਹੀ ਸਵਾਲ ਖੜ੍ਹੇ ਕਰ ਰਹੇ ਹਨ।