ਲੁਧਿਆਣਾ: ਭਾਰਤ ਦੇ ਮੈਨਚੈਸਟਰ ਲੁਧਿਆਣਾ ਦੇ ਵਿੱਚ ਕਈ ਵੱਡੀਆਂ ਕੰਪਨੀਆਂ ਹਨ, ਜਿਨ੍ਹਾਂ 'ਚੋਂ ਹੀਰੋ ਸਾਈਕਲ ਵੀ ਪ੍ਰਮੁੱਖ ਹੈ। ਹਾਲਾਂਕਿ ਕੋਰੋਨਾ ਵਾਇਰਸ ਦੌਰਾਨ ਜਦੋਂ ਪੂਰੀ ਦੁਨੀਆਂ ਭਰ ਦੀਆਂ ਕੰਪਨੀਆਂ ਆਪਣਾ ਕਾਰੋਬਾਰ ਬਚਾਉਣ ਲਈ ਜੱਦੋ-ਜ਼ਹਿਦ ਕਰ ਰਹੀਆਂ ਸਨ, ਉਦੋਂ ਹੀਰੋ ਸਾਈਕਲਜ਼ ਵੱਧ ਫੁੱਲ ਰਹੀ ਸੀ।
ਲੁਧਿਆਣਾ ਦੇ ਵਿੱਚ ਸੈਂਕੜਿਆਂ ਦੀ ਤਾਦਾਦ 'ਚ ਸਾਈਕਲਾਂ ਦੇ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਹਨ, ਜਿਨ੍ਹਾਂ ਦੀ ਮਦਦ ਲਈ ਹੁਣ ਹੀਰੋ ਸਾਈਕਲਜ਼ ਅੱਗੇ ਆਈ ਹੈ ਅਤੇ ਛੋਟੀਆਂ ਕੰਪਨੀਆਂ ਨੂੰ ਹੀਰੋ ਸਾਈਕਲਜ਼ 'ਚ ਮਰਜ ਕਰਨ ਦੀ ਉਨ੍ਹਾਂ ਨੂੰ ਆਫਰ ਦੇ ਰਹੀ ਹੈ।
ਇਸ ਦੇ ਨਾਲ ਹੀ ਹੀਰੋ ਸਾਈਕਲਜ਼ ਕੰਪਨੀ ਨੇ ਭਾਰਤ ਚੀਨ ਦਰਿਮਆਨ ਚੱਲ ਰਹੇ ਤਣਾਅ ਨੂੰ ਦੇਖਦੇ ਹੋਏ ਚੀਨ ਦੇ ਸਮਾਨ ਨੂੰ ਬਾਈਕਾਟ ਕਰਨ ਲਈ ਮੁੱਖ ਭੂਮਿਕਾ ਅਦਾ ਕੀਤੀ ਹੈ। ਕੰਪਨੀ ਨੇ ਅਹਿਮ ਫੈਸਲਾ ਲੈਂਦੇ ਹੋਏ ਚੀਨ ਨਾਲ 900 ਕਰੋੜ ਦਾ ਵਪਾਰ ਸਮਝੌਤਾ ਰੱਦ ਕਰ ਦਿੱਤਾ ਹੈ।
ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਹੀਰੋ ਸਾਈਕਲਜ਼ ਦੇ ਐਮਡੀ ਅਤੇ ਡਾਇਰੈਕਟਰ ਪੰਕਜ ਮੁੰਜਾਲ ਨੇ ਦੱਸਿਆ ਕਿ ਚੀਨ ਦਾ ਬਾਈਕਾਟ ਕਰਨ ਲਈ ਹੀਰੋ ਸਾਈਕਲਜ਼ ਨੇ ਇਹ ਅਹਿਮ ਫੈਸਲਾ ਲੈਂਦਿਆਂ, ਉਨ੍ਹਾਂ ਨਾਲ ਵਪਾਰ ਬੰਦ ਕਰ ਦਿੱਤਾ ਹੈ ਅਤੇ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੇ ਵਿੱਚ ਕੰਪਨੀ ਵੱਲੋਂ ਆਪਣਾ ਭਵਿੱਖ ਤਲਾਸ਼ਿਆ ਜਾ ਰਿਹਾ ਹੈ, ਜਿਸ ਵਿੱਚ ਜਰਮਨੀ ਅਹਿਮ ਹੈ ਅਤੇ ਜਰਮਨੀ ਦੇ ਵਿੱਚ ਹੁਣ ਹੀਰੋ ਸਾਈਕਲਜ਼ ਆਪਣਾ ਪਲਾਂਟ ਲਾਏਗਾ, ਜਿੱਥੋਂ ਪੂਰੇ ਯੂਰਪ 'ਚ ਹੀਰੋ ਦੇ ਸਾਈਕਲ ਸਪਲਾਈ ਕੀਤੇ ਜਾਣਗੇ।
ਹੀਰੋ ਸਾਈਕਲਜ਼ ਦੇ ਐਮਡੀ ਪੰਕਜ ਮੁੰਜਾਲ ਨੇ ਇਹ ਵੀ ਦੱਸਿਆ ਕਿ ਬੀਤੇ ਦਿਨਾਂ 'ਚ ਸਾਈਕਲ ਦੀ ਮੰਗ ਵਧੀ ਹੈ ਅਤੇ ਹੀਰੋ ਸਾਈਕਲਜ਼ ਵੱਲੋਂ ਆਪਣੀ ਕਪੈਸਟੀ ਵੀ ਵਧਾਈ ਗਈ ਹੈ। ਉਨ੍ਹਾਂ ਦੱਸਿਆ ਹਾਲਾਂਕਿ ਇਸ ਦੌਰਾਨ ਛੋਟੀ ਕੰਪਨੀਆਂ ਦਾ ਬਹੁਤਾ ਨੁਕਸਾਨ ਹੋਇਆ ਹੈ ਪਰ ਉਨ੍ਹਾਂ ਦੀ ਭਰਪਾਈ ਲਈ ਵੀ ਯੂਰੋ ਸਾਈਕਲ ਤਿਆਰ ਹੈ ਅਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਈ ਹੈ।
ਪੰਕਜ ਮੁੰਜਾਲ ਨੇ ਦੱਸਿਆ ਕਿ ਲੁਧਿਆਣਾ ਵਿੱਚ ਬਣਨ ਵਾਲੀ ਸਾਈਕਲ ਵੈਲੀ ਦੇ ਨਾਲ ਹੀਰੋ ਸਾਈਕਲਜ਼ ਗਲੋਬਲ ਲੀਡਰ ਬਣ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਚੀਨ ਦੇ ਸਾਮਾਨ ਦਾ ਬਾਈਕਾਟ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਕਿਉਂਕਿ ਜੇਕਰ ਭਾਰਤ ਵਿੱਚ ਕੰਪਿਊਟਰ ਬਣ ਸਕਦੇ ਹਨ, ਤਾਂ ਸਾਈਕਲ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਭਾਰਤ ਵਿੱਚ ਹਰ ਤਰ੍ਹਾਂ ਦੀ ਸਾਈਕਲ ਦਾ ਨਿਰਮਾਣ ਸੰਭਵ ਹੈ।
ਇਹ ਵੀ ਪੜੋ: ਗੁਰਪਤਵੰਤ ਸਿੰਘ ਪੰਨੂੰ ਦਾ ਸਾਥੀ ਜੋਗਿੰਦਰ ਸਿੰਘ ਗੁੱਜਰ ਭੁਲੱਥ ਤੋਂ ਗ੍ਰਿਫ਼ਤਾਰ
ਇੱਕ ਪਾਸੇ ਜਿੱਥੇ ਲੇਬਰ ਦੀ ਵੱਡੀ ਸਮੱਸਿਆ ਕਾਰਨ ਲੁਧਿਆਣਾ ਦੀਆਂ ਸਾਈਕਲ ਦੇ ਪੁਰਜ਼ੇ ਬਣਾਉਣ ਵਾਲੀਆਂ ਛੋਟੀਆਂ ਕੰਪਨੀਆਂ ਘਾਟੇ 'ਚੋਂ ਲੰਘ ਰਹੀਆਂ ਸਨ, ਉੱਥੇ ਹੀ ਹੁਣ ਹੀਰੋ ਸਾਈਕਲਜ਼ ਨੇ ਉਨ੍ਹਾਂ ਦੀ ਬਾਂਹ ਫੜਨ ਦਾ ਫ਼ੈਸਲਾ ਲਿਆ ਹੈ, ਉਨ੍ਹਾਂ ਦੀ ਮਨਮਰਜ਼ੀ ਦੇ ਨਾਲ ਆਪਣੇ ਨਾਲ ਮਰਜ ਕਰਨ ਦੇ ਆਫਰ ਦਿੱਤੇ ਗਏ ਹਨ, ਇਥੋਂ ਤੱਕ ਕਿ ਪੰਜਾਬ ਦੇ ਇੰਡਸਟਰੀ ਮੰਤਰੀ ਨਾਲ ਵੀ ਗੱਲਬਾਤ ਕਰਕੇ ਇਸ ਮੰਦੀ ਦੇ ਦੌਰ 'ਚੋਂ ਲੰਘਦਿਆਂ ਸਾਈਕਲ ਉਦਯੋਗ ਨੂੰ ਹੋਰ ਵਿਕਸਿਤ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।