ਲੁਧਿਆਣਾ: ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਜਿੱਥੇ ਕਈ ਥਾਵਾਂ ਤੇ ਹੜ੍ਹ ਆਏ ਹਨ ਉੱਥੇ ਹੀ ਕਈ ਥਾਵਾਂ 'ਤੇ ਹੜ੍ਹ ਜਿਹੇ ਹਾਲਾਤ ਵੀ ਬਣੇ ਹਨ। ਇਸ ਮਹੀਨੇ ਪਏ ਲਗਾਤਾਰ ਭਾਰੀ ਮੀਂਹ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਮੁਖੀ ਨੇ ਕੁੱਝ ਆਂਕੜੇ ਪੇਸ਼ ਕੀਤੇ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਵਾਰ ਅਗਸਤ ਮਹੀਨੇ 'ਚ ਪਏ ਮੀਂਹ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਪੰਜਾਬ 'ਚ ਬੀਤੇ ਦਿਨੀਂ ਪਏ ਮੀਂਹ ਨੇ 2012 ਤੋਂ ਲੈ ਕੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 20 ਅਗਸਤ ਤੱਕ ਕੁੱਲ 319 ਐੱਮਐੱਮ ਮੀਂਹ ਪੈ ਚੁੱਕਾ ਹੈ ਅਤੇ ਸਾਧਾਰਨ ਤੌਰ 'ਤੇ ਮੀਂਹ ਦੀ ਮਿਆਦ 194 ਐੱਮਐੱਮ ਹੁੰਦੀ ਹੈ ਜੋ ਆਪਣੇ ਸਾਧਾਰਨ ਪੈਮਾਨੇ ਤੋਂ ਕੀਤੇ ਵੱਧ ਹੈ।
ਲਗਾਤਾਰ ਪਹਾੜਾਂ ਅਤੇ ਮੈਦਾਨੀ ਇਲਾਕਿਆਂ 'ਚ ਪਏ ਮੀਂਹ ਤੋਂ ਬਾਅਦ ਨਹਿਰਾਂ ਉਫਾਨ 'ਤੇ ਚੱਲ ਰਹੀਆਂ ਹਨ ਪਰ ਆਉਂਦੇ ਦਿਨਾਂ 'ਚ ਉਨ੍ਹਾਂ ਦਾ ਪੱਧਰ ਜ਼ਰੂਰ ਘਟੇਗਾ। ਉਨ੍ਹਾਂ ਗੱਲ ਸਾਂਝੀ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ 'ਚ ਕੁਝ ਥਾਵਾਂ 'ਤੇ ਬੱਦਲਬਾਰੀ ਰਹੇਗੀ ਅਤੇ ਹਲਕਾ ਮੀਂਹ ਵੀ ਪੈ ਸਕਦਾ ਹੈ।
ਇਹ ਵੀ ਪੜ੍ਹੋ- ਸਤਲੁਜ ਦਰਿਆ ਨੇ ਮਚਾਈ ਤਬਾਹੀ, ਗਿਦੜਪਿੰਡੀ ਨੇੜਿਓਂ ਟੁੱਟਿਆ ਬੰਨ੍ਹ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2011 'ਚ ਪੰਜਾਬ 'ਚ ਭਾਰੀ ਮੀਂਹ ਪਿਆ ਸੀ, ਪਰ ਇਸ ਵਾਰ ਪਏ ਮੀਂਹ ਨੇ ਸਾਰੇ ਰਿਕਾਰਡ ਤੋੜੇ ਹਨ ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।