ਲੁਧਿਆਣਾ: ਤਕਰੀਬਨ 1 ਮਹੀਨੇ ਬਾਅਦ ਤਿਓਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਜਾਵੇਗੀ ਅਤੇ ਇਨ੍ਹਾਂ ਨੂੰ ਲੈ ਕੇ ਕੁੱਝ ਲੋਕਾਂ ਵੱਲੋਂ ਦੇਸੀ ਘਿਓ ਅਤੇ ਪਨੀਰ ਵਿੱਚ ਮਿਲਾਵਟ ਦਾ ਕੰਮ ਹੁਣੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਲੁਧਿਆਣਾ ਵਿਖੇ ਸ਼ਾਮ ਨਗਰ ਇਲਾਕੇ ਵਿੱਚ ਦੇਸੀ ਘਿਓ ਬਣਾਉਣ ਵਾਲੀ ਇੱਕ ਫ਼ੈਕਟਰੀ 'ਤੇ ਛਾਪੇਮਾਰੀ ਕੀਤੀ ਗਈ, ਜਿਥੋਂ ਨਕਲੀ ਦੇਸੀ ਘਿਓ, ਰੀਫਾਇਨਡ ਤੇਲ, ਬਨਸਪਤੀ ਘਿਓ ਆਦਿ ਫੜਿਆ ਗਿਆ ਹੈ। ਸਿਹਤ ਵਿਭਾਗ ਦੇ ਅਫ਼ਸਰਾਂ ਵੱਲੋਂ 4 ਚੀਜ਼ਾਂ ਦੇ ਨਮੂਨੇ ਵੀ ਲਏ ਗਏ।
ਇਸ ਦੇ ਨਾਲ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ 2 ਕੁਇੰਟਲ ਦੇ ਕਰੀਬ ਦੇਸੀ ਘਿਓ, 150 ਕਿੱਲੋ ਬਨਸਪਤੀ ਘਿਓ, 30 ਕਿੱਲੋ ਰਿਫਾਇਨਡ ਤੇਲ ਅਤੇ 2 ਕਿੱਲੋ ਸਕਿਮਡ ਮਿਲਕ ਪਾਊਡਰ ਆਦਿ ਸਮਾਨ ਬਰਾਮਦ ਕੀਤਾ ਗਿਆ।
ਸਿਹਤ ਵਿਭਾਗ ਦੇ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਫੈਕਟਰੀ ਵਿੱਚ ਨਕਲੀ ਦੇਸੀ ਘਿਓ ਬਣਾਇਆ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਫੈਕਟਰੀ ਨੂੰ ਬਾਹਰੋਂ ਤਾਲਾ ਲਗਾ ਕੇ ਫੈਕਟਰੀ ਅੰਦਰ ਕੰਮ ਚੱਲ ਰਿਹਾ ਸੀ। ਉਨ੍ਹਾਂ ਨੇ ਛਾਪੇਮਾਰੀ ਕੀਤੀ ਹੈ ਅਤੇ ਵੱਖ-ਵੱਖ ਚੀਜ਼ਾਂ ਦੇ ਨਮੂਨੇ ਲਏ ਗਏ ਹਨ।