ਲੁਧਿਆਣਾ: ਵਰਧਮਾਨ ਮਿੱਲ ਦੇ ਬੈਂਕ ਪਾਸੇ ਕਈ ਸਾਲਾਂ ਤੋਂ ਲੱਗ ਰਹੀ ਸਬਜ਼ੀ ਮੰਡੀ ਨੂੰ ਗਲਾਡਾ ਅਤੇ ਕਾਂਗਰਸੀ ਵਿਧਾਇਕ ਵੱਲੋਂ ਚੁੱਕੇ ਜਾਣ 'ਤੇ ਰੇਹੜੀ ਵਾਲਿਆਂ ਨੇ ਵਿਰੋਧ ਕੀਤਾ ਹੈ।
ਇਸ ਮੰਡੀ ਦੀ ਥਾਂ 'ਤੇ ਪੱਕੀਆਂ ਦੁਕਾਨਾਂ ਬਣਾਏ ਜਾਣ ਦਾ ਪ੍ਰਸਤਾਵ ਗਲਾਡਾ ਕੋਲੋਂ ਵਿਧਾਇਕ ਸੰਜੇ ਤਲਵਾੜ ਕੋਲੋਂ ਪਾਸ ਕਰਵਾਇਆ ਗਿਆ ਸੀ। ਵਿਧਾਇਕ ਦੀ ਟੀਮ ਵੱਲੋਂ ਵਰਧਮਾਨ ਮੰਡੀ ਦੀ ਥਾਂ ਨੂੰ ਜਦ ਖਾਲੀ ਕਰਵਾਉਣ ਲਈ ਪੀਲਾ ਪੰਜਾ ਚਲਾਏ ਜਾਣ ਦੀ ਤਿਆਰੀ ਕੀਤੀ ਗਈ ਤਾਂ ਉੱਥੇ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਗੁੱਸੇ 'ਚ ਆਏ ਲੋਕਾਂ ਨੂੰ ਸ਼ਾਂਤ ਕਰਵਾਉਣ ਲਈ ਪਲਿਸ ਦੀ ਮਦਦ ਲਈ ਗਈ।
ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਲੀਨਾ ਟਪਾਰੀਆ ਨੇ ਦੱਸਿਆ ਕਿ ਰੇਹੜੀ ਵਾਲਿਆਂ ਨਾਲ ਪਹਿਲਾਂ ਗੱਲਬਾਤ ਕੀਤੀ ਗਈ ਸੀ ਤੇ ਉਸ ਸਭ ਮੰਨ ਗਏ ਸੀ ਕਿ ਉਹ ਥਾਂ ਖ਼ਾਲੀ ਕਰ ਦੇਣਗੇ। ਲੀਨਾ ਟਪਾਰੀਆ ਨੇ ਕਿਹਾ ਕਿ ਪਤਾ ਨਹੀਂ ਉਨ੍ਹਾਂ ਨੂੰ ਕੌਣ ਚੁੱਕ ਰਿਹਾ ਹੈ, ਜੋ ਕਿ ਉਹ ਸਮਝ ਨਹੀਂ ਪਾ ਰਹੇ ਕਿ ਇਹ ਸਭ ਰੇਹੜੀ ਵਾਲਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਵਜੋਂ ਹੀ ਪੱਕੀਆਂ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ।
ਮੌਕੇ 'ਤੇ ਪਹੁੰਚੇ ਕਾਂਗਰਸੀ ਵਿਧਾਇਕ ਸੰਜੇ ਤਲਵਾੜ ਨੇ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀਆਂ ਪੱਕੀਆਂ ਦੁਕਾਨਾਂ ਰੇਹੜੀ ਵਾਲਿਆਂ ਨੂੰ ਹੀ ਦਿੱਤੀਆਂ ਜਾਣ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ।
ਇਹ ਹੈ ਮਾਮਲਾ
ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੰਦਿਆਂ ਉੱਥੇ ਰੇਹੜੀ ਲਗਾਉਣ ਵਾਲੇ ਪਿੰਕੂ ਨੇ ਦੱਸਿਆ ਕਿ ਉਹ ਪੱਕੀਆਂ ਦੁਕਾਨਾਂ ਬਣਾਉਣ ਖ਼ਾਤਰ ਸਬਜ਼ੀ ਮੰਡੀ ਖ਼ਾਲੀ ਕਰਨ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਇਹ ਪ੍ਰਮਾਣ ਪੱਤਰ ਦਿੱਤਾ ਜਾਵੇਗਾ ਕਿ ਸਬਜ਼ੀ ਮੰਡੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਹੀ ਉੱਥੇ ਰੱਖਿਆ ਜਾਵੇਗਾ ਤੇ ਉਨ੍ਹਾਂ ਨੂੰ ਇਸ ਦਾ ਕਿਰਾਇਆ ਭਰਨਾ ਪਵੇਗਾ ਜਾਂ ਠੇਕੇਦਾਰ ਉਨ੍ਹਾਂ ਨੂੰ ਠੇਕੇ ਉੱਤੇ ਰੱਖ ਕੇ ਪੈਸਾ ਵਸੂਲੇਗਾ। ਪਿੰਕੂ ਨੇ ਦੱਸਿਆ ਕਿ ਉਨ੍ਹਾਂ ਕੁੱਝ ਵੀ ਸਾਫ਼ ਨਹੀਂ ਦੱਸਿਆ ਜਾ ਰਿਹਾ ਕਿ ਰੇਹੜੀਆਂ ਚੁੱਕਣ ਤੋਂ ਬਾਅਦ ਦੀ ਕੀ ਕਾਰਵਾਈ ਹੈ।
ਰੇਹੜੀ ਲਗਾਉਣ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਧਾਇਕ ਅਤੇ ਉਸ ਦੇ ਸਾਥੀਆਂ 'ਤੇ ਯਕੀਨ ਨਹੀਂ ਹੈ। ਉਨ੍ਹਾਂ ਕਿਹਾ, ਉਨ੍ਹਾਂ ਨੂੰ ਉਕਤਾਂ 2-3 ਗੱਲਾਂ ਲਿਖ਼ਤੀ ਰੂਪ ਵਿੱਚ ਸਾਫ਼ ਕੀਤੀਆਂ ਜਾਣ।