ਲੁਧਿਆਣਾ: ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਰਾਂ ਕਿ ਅਸੀਂ ਦੇਖਿਆ ਪਹਿਲਾਂ ਸੜਕਾਂ ਚੌੜੀਆਂ ਕਰਨ ਵਾਸਤੇ ਸੜਕਾਂ ਦੇ ਨਾਲ ਲੱਗੇ ਦਰੱਖ਼ਤ ਕੱਟੇ ਗਏ ਅਤੇ ਹੁਣ ਸੜਕਾਂ ਨੂੰ ਚੌੜਾ ਕਰਨ ਵਾਸਤੇ ਚੌਕ ਵਿੱਚ ਲੱਗੇ ਸ਼ਹੀਦਾਂ ਦੇ ਬੁੱਤਾਂ ਨੂੰ ਵੀ ਹਟਾਇਆ ਜਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ 1965 ਦੀ ਜੰਗ ਵਿੱਚ ਸ਼ਹੀਦ ਹੋਏ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਨੂੰ ਤੀਸਰੀ ਵਾਰ ਪੁੱਟ ਕੇ ਕਿਸੇ ਹੋਰ ਤੀਸਰੀ ਥਾਂ ਉੱਤੇ ਲਿਜਾਇਆ ਜਾ ਰਿਹਾ ਹੈ।
ਇਸ ਬੁੱਤੇ ਦੇ ਨਜ਼ਦੀਕ ਤੋਂ ਲੰਘ ਰਹੇ ਸਮਰਾਲਾ ਵਾਸੀ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਅਕਸਰ ਲੁਧਿਆਣਾ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਜਦੋਂ ਉਹ ਇਸ ਬੁੱਤ ਦੇ ਕੋਲੋਂ ਲੰਘਦੇ ਹਨ ਤਾਂ ਸ਼ਹੀਦ ਭੁਪਿੰਦਰ ਸਿੰਘ ਨੂੰ ਨਮਨ ਕਰ ਹੀ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ 1965 ਦੀ ਜੰਗ ਵਿੱਚ ਸ਼ਹੀਦ ਹੋਏ ਮੇਜਰ ਭੁਪਿੰਦਰ ਦਾ ਇਹ ਬੁੱਤ ਪਹਿਲਾਂ ਭਾਰਤ ਨਗਰ ਚੌਕ ਵਿੱਚ ਲੱਗਿਆ ਹੋਇਆ ਸੀ। ਫ਼ਿਰ ਉਸ ਤੋਂ ਬਾਅਦ ਹੁਣ ਪੁੱਟ ਕੇ ਇਥੇ ਲਿਆਂਦਾ ਗਿਆ ਅਤੇ ਹੁਣ ਇਸ ਨੂੰ ਦੂਸਰੀ ਵਾਰ ਪੁੱਟ ਕੇ ਇਥੇ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਤਰੱਕੀ ਦੀ ਆੜ ਦੇ ਵਿੱਚ ਸਰਕਾਰ ਦੇਸ਼ ਦੇ ਸ਼ਹੀਦਾਂ ਨੂੰ ਅੱਖੋਂ ਓਹਲੇ ਕਰ ਰਹੀ ਹੈ, ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਹੀ ਘਾਤਕ ਹੈ।
ਉਨ੍ਹਾਂ ਐੱਮ.ਐੱਲ.ਏ ਰਵਨੀਤ ਸਿੰਘ ਬਿੱਟੂ ਅਤੇ ਸਿਮਰਜੀਤ ਬੈਂਸ ਨੂੰ ਗੁਜ਼ਾਰਿਸ਼ ਕੀਤੀ ਕਿ ਸ਼ਹੀਦਾਂ ਦੇ ਇਨ੍ਹਾਂ ਬੁੱਤਾਂ ਦੀ ਸੰਭਾਲ ਕੀਤੀ ਜਾਵੇ।
ਉੱਥੇ ਹੀ ਮੌਕੇ ਉੱਤੇ ਮੌਜੂਦ ਦਿਹਾੜੀਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਠੇਕੇਦਾਰ ਨੇ ਕਿਹਾ ਸੀ ਕਿ ਬੁੱਤ ਨੂੰ ਚੁੱਕ ਕੇ ਰੋਜ਼ ਗਾਰਡਨ ਦੇ ਸਾਹਮਣੇ ਲਗਾਉਣਾ ਹੈ।