ਲੁਧਿਆਣਾ: ਸੀਐਮਸੀ ਕਾਲਜ ਦੇ ਪ੍ਰਿੰਸੀਪਲ ਅਤੇ ਪ੍ਰਸਿੱਧ ਨਿਊਰੋਲਾਜਿਸਟ ਡਾ. ਜੈਰਾਜ ਡੀ. ਪਾਂਡੀਆਨ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਡਾ. ਜੈਰਾਜ ਦੇਸ਼ ਦੇ ਅਜਿਹੇ ਪਹਿਲੇ ਡਾਕਟਰ ਬਣ ਗਏ ਹਨ, ਜਿਨ੍ਹਾਂ ਨੂੰ ਡਬਲਿਊ.ਐਸ.ਓ. ਯਾਨੀ ਵਰਲਡ ਸਟ੍ਰੋਕ ਆਰਗਨਾਈਜੇਸ਼ਨ ਵੱਲੋਂ ਸਰਵਉੱਚ ਗਲੋਬਲ ਸਟਰੋਕ ਸਰਵਿਸ ਐਵਾਰਡ ਦੇ ਨਾਲ ਨਿਵਾਜ਼ਿਆ ਗਿਆ ਹੈ।
ਏਸ਼ੀਆ 'ਚ ਪਹਿਲੀ ਵਾਰ ਕਿਸੇ ਨਿਊਰੋਲਾਜਿਸਟ ਨੂੰ ਇਹ ਐਵਾਰਡ ਮਿਲਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਦੇਸ਼ ਵਿੱਚ ਸਟ੍ਰੋਕ ਸਬੰਧੀ ਸੇਵਾਵਾਂ ਦੇਣ ਲਈ ਟਰੀਟਮੈਂਟ ਅਤੇ ਰਿਸਰਚ ਕਰਨ ਨੂੰ ਲੈ ਕੇ ਕੀਤੇ ਗਏ ਉਪਰਾਲਿਆਂ ਲਈ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਮਿਲਣਾ ਦੇਸ਼ ਲਈ ਮਾਣ ਦੀ ਗੱਲ ਹੈ। ਇਹ ਐਵਾਰਡ ਦੇਸ਼ ਦੇ ਸਰਵ ਉੱਚ ਸਨਮਾਨ ਪਦਮਸ੍ਰੀ ਦੇ ਬਰਾਬਰ ਮੰਨਿਆ ਜਾਂਦਾ ਹੈ।
ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੀਐਮਸੀ ਕਾਲਜ ਦੇ ਪ੍ਰਿੰਸੀਪਲ ਅਤੇ ਡਬਲਿਊ.ਐਸ.ਓ. ਦੇ ਉਪ ਪ੍ਰਧਾਨ ਡਾ. ਜੈਰਾਜ ਪਾਂਡੀਆਨ ਨੇ ਕਿਹਾ ਹੈ ਕਿ ਇਸ ਲਈ ਬਕਾਇਦਾ ਸੱਤ ਡਾਕਟਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਵਿਸ਼ਵ ਭਰ ਵਿਚੋਂ ਉਨ੍ਹਾਂ ਨੂੰ ਹੀ ਇਹ ਐਵਾਰਡ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਟ੍ਰੋਕ ਵਰਗੀ ਬੀਮਾਰੀ ਨੂੰ ਲੈ ਕੇ ਦੁਨੀਆ 'ਚ ਬਹੁਤ ਘੱਟ ਜਾਗਰੂਕਤਾ ਹੈ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਸਟ੍ਰੋਕ ਕੇਅਰ ਸਰਵਿਸ ਨੂੰ ਵਧਾਵਾ ਦੇਣ ਲਈ ਉਨ੍ਹਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਰਹੇ ਹਨ।
ਡਾ. ਜੈਰਾਜ ਹੁਣ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਨਾਲ ਕੰਮ ਕਰ ਰਹੇ ਹਨ ਅਤੇ ਇਸੇ ਦੇ ਤਹਿਤ ਉਨ੍ਹਾਂ ਵੱਲੋਂ ਮਿਆਂਮਾਰ, ਮਾਲਦੀਪ, ਭੂਟਾਨ ਅਤੇ ਤਿਮੋਰ ਲੈਸਟੇ ਦੇ ਵਿੱਚ ਸਟ੍ਰੋਕ ਨੂੰ ਲੈ ਕੇ ਚਲਾਏ ਜਾ ਰਹੇ ਪ੍ਰਾਜੈਕਟਾਂ ਵਿੱਚ ਉਹ ਸ਼ਾਮਲ ਹਨ। ਇਸ ਪ੍ਰਾਜੈਕਟ ਵਿੱਚ ਉਹ ਪ੍ਰਿੰਸੀਪਲ ਇਨਵੈਸਟੀਗੇਟਰ ਨੇ ਅਜਿਹਾ ਪ੍ਰਾਜੈਕਟ ਅਫ਼ਰੀਕਾ 'ਚ ਵੀ ਸ਼ੁਰੂ ਕੀਤਾ ਜਾਣਾ ਹੈ।
ਇਸਤੋਂ ਇਲਾਵਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਸਟ੍ਰੋਕ ਸਰਵਿਲਾਂਸ ਮਾਡਲ ਨੂੰ ਦੇਸ਼ ਦੇ ਪੰਜ ਸੂਬਿਆਂ ਦੇ ਵਿੱਚ ਲਾਗੂ ਕਰਵਾਇਆ ਗਿਆ ਹੈ। ਡਾ. ਡੀ. ਪਾਂਡੀਅਨ ਨੇ ਆਪਣਾ ਭਵਿੱਖ ਦੀ ਸ਼ੁਰੂਆਤ 1991 ਤੋਂ ਸੀਐਮਸੀ ਹਸਪਤਾਲ 'ਚ ਬਤੌਰ ਜੂਨੀਅਰ ਡਾਕਟਰ ਦੇ ਰੂਪ ਵਿੱਚ ਕੀਤੀ ਸੀ, ਜਿਸ ਤੋਂ ਬਾਅਦ ਪੜਾਅ ਦਰ ਪੜਾਅ ਉਹ ਅੱਗੇ ਵਧਦੇ ਗਏ ਅਤੇ 2018 ਦੇ ਵਿੱਚ ਉਹ ਸੀਐਮਸੀ ਦੇ ਪ੍ਰਿੰਸੀਪਲ ਅਹੁਦੇ 'ਤੇ ਨਿਯੁਕਤ ਹੋਏ।
ਉਨ੍ਹਾਂ ਨੇ ਸਟ੍ਰੋਕ ਵਰਗੀ ਬਿਮਾਰੀ ਦੇ ਲੱਛਣ ਅਤੇ ਇਸ ਦੇ ਇਲਾਜ ਸਬੰਧੀ ਵੀ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਅਤੇ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਹੈ ਜਿਸ ਨੂੰ ਸਰਕਾਰਾਂ ਵੱਲੋਂ ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਵੱਧ ਤੋਂ ਵੱਧ ਫੈਲਾਇਆ ਜਾ ਰਿਹਾ ਹੈ।