ਲੁਧਿਆਣਾ: ਜਗਰਾਓਂ ਵਿੱਖੇ ਬੀਤੇ ਸ਼ਨੀਵਾਰ ਨੂੰ ਨਵੀ ਦਾਣਾ ਮੰਡੀ 'ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਨਾਮੀ ਗੈਂਗਸਟਰਾਂ 'ਚੋਂ ਜਗਰਾਓਂ ਪੁਲਿਸ ਨੇ ਇਕ ਗੈਂਗਸਟਰ ਦੀ ਪਤਨੀ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਫ਼ਰਾਰ ਚਾਰੋਂ ਗੈਂਗਸਟਰਾਂ ਵਿੱਚੋਂ ਹਾਲੇ ਪੁਲਿਸ ਕਿਸੇ ਇੱਕ ਨੂੰ ਵੀ ਨਹੀਂ ਕਰ ਸਕੀ ਗ੍ਰਿਫ਼ਤਾਰ
ਇਨ੍ਹਾਂ ਗ੍ਰਿਫ਼ਤਾਰ ਵਿਅਕਤੀਆਂ 'ਚ ਪਤੀ-ਪਤਨੀ ਵੀ ਸ਼ਾਮਲ ਹਨ ਜਿਨ੍ਹਾਂ 'ਤੇ ਇਨ੍ਹਾਂ ਨੂੰ ਪਨਾਹ ਦੇਣ, ਫਾਈਨਾਂਸ ਕਰਨ ਤੇ ਅਸਲੇ ਦੀ ਡਲਿਵਰੀ 'ਚ ਸਹਿਯੋਗ ਕਰਨ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਹਨ। ਹਾਲਾਂਕਿ ਪੁਲਿਸ ਫ਼ਰਾਰ ਚਾਰੋਂ ਗੈਂਗਸਟਰਾਂ ਵਿੱਚੋਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕੀ, ਪਰ ਇਨ੍ਹਾਂ ਗੈਂਗਸਟਰਾਂ ਦੇ 6 ਮਹੀਨੇ ਜਗਰਾਓਂ ਵਿੱਚ ਹੀ ਡੇਰਾ ਲਾਈ ਬੈਠੇ ਰਹਿਣ ਤੇ ਇਨ੍ਹਾਂ ਦੇ ਸੰਪਰਕ ਵਿੱਚ ਆਏ ਸਾਥੀਆਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਇਸ ਵਿੱਚ ਜਗਰਾਓਂ ਪੁਲਿਸ ਨੇ ਦੋ ਜਗਰਾਓਂ ਦੇ ਵਿਅਕਤੀਆਂ ਨੂੰ ਵੀ ਚੁੱਕ ਲਿਆ ਹੈ। ਹਾਲਾਂਕਿ ਪੁਲਿਸ ਨੇ ਇਨ੍ਹਾਂ ਪੰਜਾਂ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਹੀਂ ਪਾਈ ਤੇ ਨਾ ਹੀ ਪੁਸ਼ਟੀ ਕੀਤੀ ਹੈ, ਪਰ ਸੂਤਰਾਂ ਅਨੁਸਾਰ ਪੁਲਿਸ ਅੱਜ ਥੋੜ੍ਹੀ ਦੇਰ ਬਾਅਦ ਹੀ ਇਸ ਮਾਮਲੇ ਦੀ ਪੁਸ਼ਟੀ ਕਰ ਸਕਦੀ ਹੈ।
ਆਲਾ ਪੁਲਿਸ ਅਧਿਕਾਰੀਆਂ ਨੇ ਪੁੱਛਗਿੱਛ ਲਈ ਜਗਰਾਓਂ ’ਚ ਲਾਏ ਹੋਏ ਹਨ ਡੇਰੇ
ਇਨ੍ਹਾਂ ਗ੍ਰਿਫ਼ਤਾਰ ਵਿਅਕਤੀਆਂ ਤੋਂ ਕੁਝ ਅਸਲਾ ਵੀ ਬਰਾਮਦ ਹੋਇਆ ਹੈ, ਗ੍ਰਿਫ਼ਤਾਰ ਕੀਤੀਆਂ ਦੋ ਔਰਤਾਂ ਸਮੇਤ ਪੰਜਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗੌਰਤਲੱਬ ਹੈ ਕਿ ਪੰਜਾਬ ਦੇ ਆਲਾ ਪੁਲਿਸ ਅਧਿਕਾਰੀ ਪੁੱਛਗਿੱਛ ਲਈ ਜਗਰਾਓਂ ’ਚ ਡੇਰਾ ਲਾਏ ਹੋਏ ਹਨ। ਜਗਰਾਓਂ ਸੀਆਈਏ ਸਟਾਫ ਦੇ ਬਾਹਰ ਅਫ਼ਸਰਾਂ ਦੀ ਗੱਡੀਆਂ ਦੀ ਕਾਨਵਾਈ ਨੂੰ ਦੇਖ ਲੱਗਦਾ ਹੈ ਜਿਵੇਂ ਪੰਜਾਬ ਪੁਲਿਸ ਦੇ ਵੱਡੇ-ਵੱਡੇ ਅਧਿਕਾਰੀ ਇਸ ਪੂਰੇ ਮਾਮਲੇ ’ਚ ਸੁਰਾਗ ਲਾਉਣ ਲਈ ਹਰ ਹੀਲਾ ਵਰਤ ਰਹੇ ਹਨ। ਸੂਤਰਾਂ ਅਨੁਸਾਰ ਜਗਰਾਓ- ਮੋਗਾ ਰੋਡ ’ਤੇ ਕੋਠੇ ਬੱਗੂ ਕੇ ਪਿੰਡ ’ਚ ਇਹ ਗੈਂਗਸਟਰ 6 ਮਹੀਨੇ ਡੇਰਾ ਲਗਾਏ ਬੈਠੇ ਰਹੇ ਸਨ।
ਦੱਸ ਦੇਈਏ ਕਿ ਬੀਤੇ ਕਈ ਦਿਨਾਂ ਤੋਂ ਪੱਤਰਕਾਰਾਂ ਵੱਲੋਂ ਪੁਲਿਸ ਨੂੰ ਸਵਾਲ ਪੁੱਛਣ ’ਤੇ ਜਵਾਬ ਮਿਲਦਾ ਹੈ ਕਿ ਹਾਲੇ ਮਾਮਲੇ ਦੀ ਤਫਦੀਸ਼ ਚੱਲ ਰਹੀ ਹੈ।
ਇਹ ਵੀ ਪੜ੍ਹੋ: ਅਮਿਤਾਬ ਬੱਚਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ 10 ਸਾਲ ਪੁਰਾਣੀ ਚਿੱਠੀ ਆਈ ਸਾਹਮਣੇ