ਲੁਧਿਆਣਾ: ਜ਼ਿਲ੍ਹੇ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਐਮਬੀਡੀ ਮਾਲ ਦੇ ਨੇੜੇ ਗੋਲੀਆਂ ਚੱਲੀਆਂ। ਮਿਲੀ ਜਾਣਕਾਰੀ ਮੁਤਾਬਿਕ ਕੁਝ ਨੌਜਵਾਨਾਂ ਵੱਲੋਂ ਜਿੰਮ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕਿ ਜਿੰਮ ਮਾਲਕ ਨੇ ਉਨ੍ਹਾਂ ਨੂੰ ਜਿੰਮ ਚ ਆਉਣ ਤੋਂ ਮਨ੍ਹਾਂ ਕੀਤਾ ਹੋਇਆ ਸੀ। ਇਸ ਤੋਂ ਬਾਅਦ ਨੌਜਵਾਨਾਂ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਜਿੰਮ ਅੰਦਰ ਕੁੱਟਮਾਰ ਕੀਤੀ ਅਤੇ ਫਿਰ ਜਿੰਮ ਦੇ ਬਾਹਰ ਇੱਕ ਹਵਾਈ ਫਾਇਰਿੰਗ ਕੀਤੀ। ਗੁੰਡਾਗਰਦੀ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਹਨ।
ਮਾਮਲੇ ਸਬੰਧੀ ਜਿੰਮ ਮਾਲਕ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੂੰ ਜਿੰਮ ’ਚ ਆਉਣ ਤੋਂ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁੰਡਾਗਰਦੀ ਕੀਤੀ ਅਤੇ ਮਾਹੌਲ ਖਰਾਬ ਕੀਤਾ। ਜਿੰਮ ਮਾਲਕ ਨੇ ਦੱਸਿਆ ਕਿ ਫਾਇਰਿੰਗ ਦੌਰਾਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਪਰ ਜਿੰਮ ਅੰਦਰ ਹੋਈ ਲੜਾਈ ਕਾਰਨ ਕੁਝ ਨੌਜਵਾਨਾਂ ਨੂੰ ਸੱਟਾਂ ਜਰੂਰ ਲੱਗੀਆਂ। ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਕੁਝ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਫਿਲਹਾਲ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।