ਖੰਨਾ : ਸਮਰਾਲਾ ਰੋਡ ਵਿਖੇ ਸਥਿਤ ਇੱਕ ਫ਼ਰਨੀਚਰ ਦੇ ਸ਼ੋਅ ਰੂਮ ਵਿੱਚ ਅਚਾਨਕ ਅੱਗ ਲੱਗ ਗਈ। ਜਦੋਂ ਅੱਗ ਲੱਗੀ ਤਾਂ ਤੁਰੰਤ ਅੱਗ ਬੁਝਾਉ ਦਫ਼ਤਰ ਅਤੇ ਪੁਲਿਸ ਥਾਣੇ ਵਿਖੇ ਸੂਚਨਾ ਦਿੱਤੀ ਗਈ ਪਰ ਅੱਗ ਬੁਝਾਉ ਦਫ਼ਤਰ ਅਤੇ ਪੁਲਿਸ ਥਾਣਾ ਜੋ ਕਿ ਤਕਰੀਬਨ ਥੋੜੀ ਦੂਰੀ 'ਤੇ ਹੀ ਹਨ, ਉਹ ਵੀ 20 ਮਿੰਟਾਂ ਦੀ ਦੇਰੀ ਨਾਲ ਘਟਨਾ ਵਾਲੀ ਥਾਂ ਉੱਤੇ ਪੁੱਜੇ।
ਆਸੇ-ਪਾਸੇ ਅਤੇ ਹੋਰ ਰਾਹਗੀਰ ਲੋਕ ਮਦਦ ਕਰਨ ਦੀ ਬਜਾਏ ਤਮਾਸ਼ਾ ਵੇਖਦੇ ਰਹੇ ਅਤੇ ਜ਼ਿਆਦਾਤਰ ਤਾਂ ਆਪਣੇ-ਆਪਣੇ ਮੋਬਾਈਲ ਫ਼ੋਨਾਂ 'ਤੇ ਘਟਨਾ ਦੀ ਵੀਡੀਓ ਬਣਾਉਣ ਵਿੱਚ ਹੀ ਮਸਤ ਰਹੇ, ਜਿਵੇਂ ਕਿ ਕੋਈ ਕਲਾਕਾਰ ਉੱਥੇ ਪ੍ਰਦਰਸ਼ਨ ਕਰ ਰਿਹਾ ਹੋਵੇ।
ਤੁਹਾਨੂੰ ਦੱਸ ਦਈਏ ਕਿ ਇਸ ਸ਼ੋਅਰੂਮ ਦੀ ਮਲਕੀਅਤ ਹੁਕਮ ਚੰਦ ਅਤੇ ਉਸ ਦੇ ਪੁੱਤਰ ਕੋਲ ਹੈ ਜਿਸ ਵਿੱਚ ਹਾਰਡਵੇਅਰ, ਰੰਗ ਅਤੇ ਫ਼ਰਨੀਚਰ ਆਦਿ ਦਾ ਕਾਫ਼ੀ ਸਮਾਨ ਸੀ, ਜੋ ਸੜ ਕੇ ਸੁਆਹ ਹੋ ਗਿਆ।
ਇਸ ਸਬੰਧੀ ਫ਼ਾਇਰ ਬ੍ਰਿਗੇਡ ਅਫ਼ਸਰ ਯਸ਼ਪਾਲ ਦਾ ਕਹਿਣਾ ਹੈ ਕਿ ਫ਼ਿਲਹਾਲ ਤਾਂ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ, ਪਰ ਵਿਭਾਗ ਦੇ ਲਗਭਗ 50 ਬੰਦਿਆਂ ਨੇ ਇਸ ਅੱਗ ਉੱਤੇ ਕਾਬੂ ਪਾਇਆ ਜੋ ਕਿ ਤਕਰੀਬਨ ਸ਼ਾਮ ਦੇ 6.00 ਵਜੇ ਲੱਗੀ ਸੀ।