ਲੁਧਿਆਣਾ: ਸ਼ਹਿਰ ਦੇ ਬਾਜਵਾ ਨਗਰ 'ਚ ਬੁੱਧਵਾਰ ਸਵੇਰੇ ਤ੍ਰੀ ਮੂਰਤੀ ਨਾਮੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਖਤਰਨਾਕ ਸੀ ਕਿ ਉਸ ਦਾ ਧੂੰਆਂ ਕਾਫੀ ਦੂਰ ਤੱਕ ਵਿਖਾਈ ਦੇ ਰਿਹਾ ਸੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੌਕੇ 'ਤੇ ਮੌਜੂਦ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਸਵੇਰੇ ਉਸਨੇ ਫੈਕਟਰੀ ਚੋਂ ਧੂੰਆਂ ਨਿਕਲਦਾ ਵੇਖਿਆ ਤਾਂ ਤੁਰੰਤ ਫੈਕਟਰੀ ਦੇ ਮਾਲਕ ਨੂੰ ਇਸ ਦੀ ਇਤਲਾਹ ਦਿੱਤੀ। ਫਾਇਰ ਬ੍ਰੀਗੇਡ ਨੂੰ ਫੋਨ ਕਰਨ 'ਤੇ ਤੁਰੰਤ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਮੌਕੇ 'ਤੇ ਆ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।
ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਅੱਗ ਬੁਝਾਊ ਅਮਲੇ ਦੇ ਅਫ਼ਸਰ ਨੇ ਦੱਸਿਆ ਕਿ ਹੁਣ ਤੱਕ 25-30 ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਲੱਗ ਚੁੱਕੀਆਂ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਉਨ੍ਹਾਂ ਅੱਗ ਸਬੰਧੀ ਵਧੇਰੇ ਜਾਣਕਾਰੀ ਦੇਂਦਿਆਂ ਕਿਹਾ ਕਿ ਕੱਪੜਾ ਫੈਕਟਰੀ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲੀ ਹੈ। ਉਨ੍ਹਾਂ ਕਿਹਾ ਕਿ ਅੱਗ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਫੈਕਟਰੀ 'ਚ ਪਿਆ ਸਮਾਣ ਜ਼ਰੂਰ ਸੜਕੇ ਸੁਆਹ ਹੋ ਗਿਆ। ਫਿਲਹਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ, ਅੱਗ ਬੁਝਾਊ ਦਸਤੇ ਵੱਲੋਂ ਅੱਗ 'ਤੇ ਕਾਫੀ ਹੱਦ ਤੱਕ ਕਾਬੂ ਵੀ ਪਾ ਲਿਆ ਗਿਆ ਹੈ।