ਲੁਧਿਆਣਾ: ਸਲੇਮ ਟਾਬਰੀ ਵਿੱਚ ਸਥਿਤ ਨਾਨਕ ਨਗਰ 'ਚ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਕ ਘਰ ਵਿੱਚ ਸਿਲੰਡਰ ਨੂੰ ਅੱਗ ਲੱਗਣ ਕਾਰਨ ਲਪਟਾਂ ਉੱਠਣ ਲੱਗੀਆਂ। ਇਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ ਤੇ ਉਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ। ਹਾਲਾਂਕਿ, ਇਸ ਦੌਰਾਨ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ, ਕਿਉਂਕਿ ਘਰ 'ਚੋਂ ਦਰਜਨ ਤੋਂ ਵੱਧ ਸਿਲੰਡਰ ਬਰਾਮਦ ਕੀਤੇ ਗਏ ਤੇ ਘਰ ਦਾ ਮਾਲਕ ਘਰ ਵਿੱਚ ਹੀ ਸਿਲੰਡਰ ਭਰਨ ਦਾ ਧੰਦਾ ਕਰਦਾ ਸੀ। ਅੱਗ ਬੁਝਾਊ ਅਮਲੇ ਦੇ ਅਫ਼ਸਰ ਸ੍ਰਿਸ਼ਟੀ ਨਾਥ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਨੂੰ ਇਸ ਸਬੰਧੀ ਫੋਨ ਆਇਆ ਸੀ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ ਤੇ ਅੱਗ ਉੱਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਕ ਹੀ ਸਿਲੰਡਰ ਨੂੰ ਅੱਗ ਲੱਗੀ ਸੀ ਪਰ ਅੰਦਰ ਕਈ ਸਿਲੰਡਰ ਪਏ ਸਨ, ਜੇਕਰ ਉਨ੍ਹਾਂ ਨੂੰ ਵੀ ਅੱਗ ਪੈ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਉਧਰ ਮੌਕੇ 'ਤੇ ਪਹੁੰਚੇ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਮੁਲਜ਼ਮ ਕਿਰਾਏ 'ਤੇ ਰਹਿੰਦਾ ਹੈ ਤੇ ਸਿਲੰਡਰ ਭਰਨ ਦਾ ਧੰਦਾ ਕਰਦਾ ਹੈ ਜਿਸ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: 'ਮਾਹਰਾਂ ਦੀ ਸਲਾਹ ਤੋਂ ਬਾਅਦ ਹੀ ਲੌਕਡਾਊਨ ਹਟਾਉਣ 'ਤੇ ਹੋਵੇਗਾ ਫ਼ੈਸਲਾ'