ਲੁਧਿਆਣਾ: ਸ਼ਹਿਰ ਦੇ ਇਸਲਾਮ ਗੰਜ ਇਲਾਕੇ ਵਿੱਚ ਦੇਰ ਰਾਤ ਮਹਿਜ਼ ਹਾਰਨ ਵਜਾਉਣ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਵਿਵਾਦ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਇੱਕ ਧੜੇ ਵੱਲੋਂ ਇੱਟਾਂ-ਪੱਥਰ ਚੱਲਾਏ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਪੀੜਤ ਪਰਿਵਾਰ ਨੇ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ 'ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ।
ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਣੇ ਕਾਰ 'ਚ ਸਵਾਰ ਹੋ ਕੇ ਗਲੀ 'ਚੋਂ ਲੰਘ ਰਹੇ ਸਨ ਅਤੇ ਉਸੇ ਗਲੀ 'ਚ ਕੁੱਝ ਨੌਜਵਾਨਾਂ ਨੂੰ ਜਦੋਂ ਸਾਈਡ ਹੋਣ ਲਈ ਉਨ੍ਹਾਂ ਨੇ ਹਾਰਨ ਮਾਰਿਆ ਤਾਂ ਗੁੱਸੇ 'ਚ ਨੌਜਵਾਨਾਂ ਨੇ ਉਸ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਨੂੰ ਸੱਟਾਂ ਵੱਜੀਆਂ। ਪੀੜਤ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਸ਼ਾਹੀਨ ਬਾਗ਼ 'ਚ ਡਟੇ ਪੰਜਾਬ ਦੇ ਕਿਸਾਨ, ਕਿਹਾ- ਸਰਕਾਰ ਕਰ ਰਹੀ ਮੁਸਲਮਾਨਾਂ ਨਾਲ ਵਿਤਕਰਾ
ਉਧਰ ਪੁਲਿਸ ਵੱਲੋਂ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਤਫਤੀਸ਼ ਕਰਨ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਸੀਸੀਟੀਵੀ ਫੁਟੇਜ ਵਿੱਚ ਕੁੱਝ ਨੌਜਵਾਨ ਹੱਥਾਂ 'ਚ ਡੰਡੇ ਆਦਿ ਲਿਜਾਂਦੇ ਵੀ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਸੀਸੀਟੀਵੀ ਤੋੜਨ ਲਈ ਨੌਜਵਾਨਾਂ ਵੱਲੋਂ ਕੈਮਰੇ 'ਤੇ ਵੀ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਗਈ।