ਲੁਧਿਆਣਾ: ਖੰਨਾ ਵਿੱਚ ਇੱਕ ਮਹਿਲਾ ਸਿਪਾਹੀ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ। ਇਸ ਕਾਰਨਾਮੇ ਨੇ ਖਾਕੀ ਦੀ ਕਾਰਜਸ਼ੈਲੀ ਉੱਪਰ ਵੱਡੇ ਸਵਾਲ ਖੜ੍ਹੇ ਕੀਤੇ ਹਨ। ਰਵਿੰਦਰ ਕੌਰ ਨਾਮ ਦੀ ਮਹਿਲਾ ਸਿਪਾਹੀ ਨੇ ਆਪਣੇ ਸਾਥੀ ਅਤੇ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਦੀਪੀ ਨਾਲ ਮਿਲ ਕੇ ਸਾਜਿਸ਼ ਰਚੀ। ਗਰੀਬ ਵਿਅਕਤੀ ਦੀ ਸਾਈਕਲ ਪੈਂਚਰ ਵਾਲੀ ਦੁਕਾਨ ਉੱਪਰ ਚਾਈਨਾ ਡੋਰ ਨਾਲ ਭਰਿਆ ਥੈਲਾ ਰਖਵਾ ਕੇ ਝੂਠਾ ਕੇਸ ਦਰਜ ਕਰਾਇਆ ਗਿਆ। ਜਦੋਂ ਸੀਸੀਟੀਵੀ ਰਾਹੀਂ ਇਸ ਪੂਰੇ ਮਾਮਲੇ ਦੀ ਪੋਲ ਖੁੱਲ੍ਹੀ ਤਾਂ ਐਸਐਸਪੀ ਖੰਨਾ ਨੇ ਸਖਤ ਐਕਸ਼ਨ ਲਿਆ। ਐਸਐਸਪੀ ਅਮਨੀਤ ਕੌਂਡਲ ਨੇ ਮਹਿਲਾ ਸਿਪਾਹੀ ਰਵਿੰਦਰ ਕੌਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਮਹਿਲਾ ਸਿਪਾਹੀ ਸਮੇਤ ਇਸ ਪੂਰੀ ਸਾਜ਼ਿਸ਼ ਵਿੱਚ ਸ਼ਾਮਲ ਤਿੰਨ ਜਣਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ।
ਚਾਈਨਾ ਡੋਰ ਦੇ 25 ਗੱਟੂ ਬਰਾਮਦ: ਜਾਣਕਾਰੀ ਅਨੁਸਾਰ 18 ਜਨਵਰੀ 2023 ਨੂੰ ਖੰਨਾ ਪੁਲਸ ਨੇ ਜਸਵੀਰ ਸਿੰਘ ਵਾਸੀ ਪਿੰਡ ਅਲੌੜ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਦੁਕਾਨ ਵਿੱਚੋਂ ਚਾਈਨਾ ਡੋਰ ਦੇ 25 ਗੱਟੂ ਬਰਾਮਦ ਕੀਤੇ ਸੀ। ਜਸਵੀਰ ਸਿੰਘ ਨੇ ਇਸ ਮੁਕੱਦਮੇ ਨੂੰ ਝੂਠਾ ਦੱਸਿਆ ਸੀ ਤਾਂ ਇਸਦੀ ਉੱਚ ਪੱਧਰੀ ਜਾਂਚ ਸ਼ੁਰੂ ਹੋਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਨੂੰ ਵਾਸੀ ਮੰਡੀ ਗੋਬਿੰਦਗੜ੍ਹ ਉਸ ਦਿਨ ਸਕੂਟਰੀ ਉਪਰ ਸ਼ੱਕੀ ਹਾਲਾਤਾਂ ਵਿੱਚ ਘੁੰਮਦਾ ਦੇਖਿਆ ਗਿਆ ਸੀ। ਜਦੋਂ ਮਨੂੰ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨੇ ਪੁਲਿਸ ਸਾਹਮਣੇ ਖੁਲਾਸਾ ਕੀਤਾ ਕਿ ਉਸ ਨੇ ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ ਅਤੇ ਗੁਰਦੀਪ ਸਿੰਘ ਦੀਪੀ ਦੇ ਕਹਿਣ ਉੱਪਰ ਪਲਾਸਟਿਕ ਡੋਰ ਦਾ ਥੈਲਾ ਜਸਵੀਰ ਸਿੰਘ ਦੀ ਦੁਕਾਨ ਅੰਦਰ ਰੱਖਿਆ ਸੀ ਅਤੇ ਪੁਲਿਸ ਨੂੰ ਇਤਲਾਹ ਦਿੱਤੀ ਸੀ।
ਸਾਜ਼ਿਸ਼ ਦਾ ਪਰਦਫਾਸ਼: ਪੁਲਿਸ ਨੇ ਹੁਣ ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ ਉਸ ਦੇ ਸਾਥੀ ਗੁਰਦੀਪ ਸਿੰਘ ਦੀਪੀ ਅਤੇ ਮਨੂੰ ਖਿਲਾਫ ਮੁਕੱਦਮਾ ਦਰਜ ਕੀਤਾ। ਮਨੂੰ ਪੁਲਸ ਰਿਮਾਂਡ 'ਤੇ ਹੈ। ਮਹਿਲਾ ਸਿਪਾਹੀ ਅਤੇ ਉਸਦੇ ਸਾਥੀ ਗੁਰਦੀਪ ਸਿੰਘ ਦੀਪੀ ਦੀ ਭਾਲ ਸ਼ੁਰੂ ਕੀਤੀ ਗਈ ਹੈ। ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ 18 ਜਨਵਰੀ 2023 ਨੂੰ ਖੰਨਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਦੁਕਾਨ ਵਿੱਚੋਂ ਚਾਈਨਾ ਡੋਰ ਦੇ 25 ਗੱਟੂ ਬਰਾਮਦ ਕੀਤੇ ਸੀ। ਇਸ ਮਾਮਲੇ ਵਿੱਚ ਉਸ ਨੂੰ 10 ਦਿਨ ਜੇਲ੍ਹ ਵਿੱਚ ਰਹਿਣਾ ਪਿਆ ਸੀ। ਜਦ ਕਿ ਉਸ ਨੂੰ ਚਾਈਨਾ ਡੋਰ ਬਾਰੇ ਪਤਾ ਤੱਕ ਨਹੀਂ ਸੀ। ਉਸ ਨੇ ਆ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਐਸਪੀ (ਆਈ) ਡਾ. ਪ੍ਰਗਿਆ ਜੈਨ ਨੇ ਆਪਣੀ ਜਾਂਚ 'ਚ ਸੱਚ ਸਾਹਮਣੇ ਲਿਆਂਦਾ। ਜਸਵੀਰ ਸਿੰਘ ਅਨੁਸਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਉਸ ਦੇ ਪਿੰਡ ਦੇ ਗੁਰਦੀਪ ਸਿੰਘ ਦੀਪੀ ਨੇ ਉਸ ਨਾਲ ਕੁੱਟਮਾਰ ਕੀਤੀ ਸੀ। ਜਿਸ ਕਰਕੇ ਉਸ ਨੇ ਪੁਲਸ ਕੋਲ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾਂਦਾ ਸੀ। ਇਸੇ ਦੌਰਾਨ ਉਸਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ।
ਪੀੜਤ ਨੇ ਇਨਸਾਫ ਮਿਲਣ 'ਤੇ ਐਸਪੀ ਡਾਕਟਰ ਜੈਨ ਦਾ ਧੰਨਵਾਦ ਕੀਤਾ। ਇਸ ਸਬੰਧੀ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੁਕੱਦਮਾ ਤਫ਼ਤੀਸ ਦੌਰਾਨ ਸਾਰੀ ਸੱਚਾਈ ਸਾਹਮਣੇ ਆਈ। ਮਹਿਲਾ ਸਿਪਾਹੀ ਰਵਿੰਦਰ ਕੌਰ ਰਵੀ, ਉਸਦੇ ਸਾਥੀ ਗੁਰਦੀਪ ਸਿੰਘ ਦੀਪੀ ਅਤੇ ਮਨੂੰ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਮਨੂੰ ਪੁਲਿਸ ਰਿਮਾਂਡ 'ਤੇ ਹੈ। ਮਹਿਲਾ ਸਿਪਾਹੀ ਅਤੇ ਉਸਦੇ ਸਾਥੀ ਗੁਰਦੀਪ ਸਿੰਘ ਦੀਪੀ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ: ਵਿਦੇਸ਼ੀ ਅੱਤਵਾਦੀ ਲਖਬੀਰ ਲੰਡਾ ਤੇ ਸਤਬੀਰ ਸੱਤਾ ਨਾਲ ਜੁੜੇ ਮਾਡਿਊਲ ਦਾ ਹੋਇਆ ਪਰਦਾਫਾਸ਼, ਮੁਲਜ਼ਮ ਕੀਤੇ ਕਾਬੂ