ਲੁਧਿਆਣਾ : ਰਾਏਕੋਟ ਵਿਖੇ ਪਾਵਰਕਾਮ ਐਕਸੀਅਨ ਦਫ਼ਤਰ ਅੱਗੇ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਪਾਵਰਕਾਮ ਵੱਲੋਂ ਖੇਤਾਂ ਅਤੇ ਘਰੇਲੂ ਬਿਜਲੀ ਦੇ ਲਗਾਏ ਜਾ ਰਹੇ ਅਣ-ਐਲਾਨੇ ਬਿਜਲੀ ਕੱਟਾਂ ਖਿਲਾਫ ਰੋਸ਼ ਧਰਨਾ ਲਗਾਇਆ ਗਿਆ ਅਤੇ ਪਾਵਰਕਾਮ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਪਿਛਲੇ 10 ਦਿਨਾਂ ਤੋਂ ਲੱਗ ਰਹੇ ਵੱਡੇ-ਵੱਡੇ ਪਾਵਰ ਕੱਟਾਂ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ, ਉਥੇ ਹੀ ਹੁਣ ਘਰੇਲੂ ਸੈਕਟਰ ਵਿੱਚ ਵੀ ਵੱਡੇ-ਵੱਡੇ ਕੱਟ ਲਗਾਏ ਜਾ ਰਹੇ ਹਨ ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਇਸ ਮੌਕੇ ਕਿਸਾਨ ਆਗੂਆਂ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵੱਡੇ-ਵੱਡੇ ਪਾਵਰ ਕੱਟ ਨਾ ਬੰਦ ਕੀਤੇ ਤਾਂ ਉਹ ਮਜਬੂਰਨ ਪਾਵਰਕਾਮ ਰਾਏਕੋਟ ਦੇ ਮੁੱਖ ਗੇਟ ਸਾਹਮਣੇ ਪੱਕਾ ਮੋਰਚਾ ਲਗਾਉਣਗੇ। ਜਿਸ ਦੀ ਜਿੰਮੇਵਾਰੀ ਪਾਵਰਕਾਮ ਅਧਿਕਾਰੀਆਂ ਦੀ ਹੋਵੇਗੀ।
ਉਧਰ ਜਦੋਂ ਇਸ ਸਬੰਧੀ ਰਾਏਕੋਟ ਪਾਵਰਕਾਮ ਦੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਧਰਨਾਕਾਰੀ ਕਿਸਾਨ ਆਗੂਆਂ ਨਾਲ ਇਸ ਸਬੰਧ ਵਿਚ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਆਉਣ ਵਾਲੇ ਦਿਨਾਂ ਵਿਚ ਕੋਈ ਵੀ ਪਾਵਰ ਕੱਟ ਨਹੀਂ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : Punjab Electricity Crisis : ਪਾਵਰਕਾਮ ਦੇ CMD ਤੋਂ ਜਾਣੋ ਕਦੋਂ ਹੋਵੇਗਾ ਬਿਜਲੀ ਕੱਟਾ ਦਾ ਹੱਲ