ਲੁਧਿਆਣਾ: ਬੀਬੀਐਮਬੀ ਦੇ ਮਸਲੇ ਨੂੰ ਲੈਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਨੇ ਵੀ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ (state level protest against BBMB issue) ਹੈ। ਲੁਧਿਆਣਾ ਵਿੱਚ ਕਿਸਾਨਾਂ ਵੱਲੋਂ ਕੇਂਦਰ ਵੱਲੋਂ ਬੀਬੀਐਮਬੀ ਨੂੰ ਲੈਕੇ ਲਏ ਗਏ ਫੈਸਲੇ ਖਿਲਾਫ਼ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਵਿੱਚ ਵੱਖ ਵੱਖ ਕਿਸਾਨਾਂ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਰੋਸ ਮੁਜ਼ਾਹਰੇ ਵਿੱਚ ਕਿਸਾਨ ਜਥੇਬੰਦੀ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਰਾਜੇਵਾਲ ਜਥੇਬੰਦੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਪੁੱਜੇ।
ਇਸ ਦੌਰਾਨ ਰਾਜੇਵਾਲ ਨੇ ਕਿਹਾ ਕਿ ਇੱਕ ਨਹੀਂ ਸਗੋਂ ਕਈ ਮੁੱਦੇ ਹਨ ਜਿੰਨਾਂ ਨੂੰ ਲੈਕੇ ਕਿਸਾਨ ਇਕਜੁੱਟ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗੈਰ ਸੰਵਿਧਾਨਿਕ ਢੰਗ ਦੇ ਨਾਲ ਸੂਬਿਆਂ ਦੇ ਅਧਿਕਾਰਾਂ ਨੂੰ ਖੋ ਰਹੀ ਹੈ ਜੋ ਕਿ ਨਹੀਂ ਹੋਣ ਦਿੱਤਾ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਖੇਤੀ ਕਨੂੰਨ ਵੀ ਗੈਰ ਸੰਵਿਧਾਨਿਕ ਢੰਗ ਦੇ ਨਾਲ ਪਾਸ ਕੀਤੇ ਗਏ ਸਨ ਜਿਸ ਕਰਕੇ ਕਿਸਾਨਾਂ ਨੇ ਸੰਘਰਸ਼ ਕਰਕੇ ਉਨ੍ਹਾਂ ਨੂੰ ਰੱਦ ਕਰਵਾਇਆ।
ਉਨ੍ਹਾਂ ਜ਼ੋਰਦਾਰ ਆਵਾਜ਼ ਵਿੱਚ ਕਿਹਾ ਕਿ ਚੰਡੀਗੜ੍ਹ ਦਾ ਮੁੱਦਾ ਹੈ ਜੋ ਕਿ ਪੰਜਾਬ ਦੀ ਰਾਜਧਾਨੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਸੀ ਜਿਸ ਵਿੱਚ ਪੰਜਾਬ ਦਾ ਹਿੱਸਾ 60 ਫੀਸਦੀ ਜਦੋਂ ਕਿ 40 ਫੀਸਦੀ ਹਰਿਆਣਾ ਦਾ ਹੱਕ ਸੀ ਪਰ ਪੰਜਾਬ ਦਾ ਹੁਣ 0 ਫੀਸਦੀ ਹਿੱਸਾ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਉਸ ਦਾ ਹੱਕ ਦਿੱਤਾ ਜਾਵੇ।
ਇਸਦੇ ਨਾਲ ਹੀ ਯੂਕਰੇਨ ਵਿੱਚ 800 ਦੇ ਕਰੀਬ ਪੰਜਾਬ ਦੇ ਵਿਦਿਆਰਥੀ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਭ ਦਾ ਨਿੱਜੀਕਰਨ ਕਰ ਦਿੱਤਾ। ਰਾਜੇਵਾਲ ਨੇ ਕਿਹਾ ਕਿ ਜੇਕਰ ਅੱਜ ਏਅਰਲਾਈਨਜ਼ ਸਰਕਾਰੀ ਹੁੰਦੀ ਤਾਂ ਹੁਣ ਤੱਕ ਸਾਰੇ ਵਿਦਿਆਰਥੀ ਮੁਲਕ ਪਰਤ ਆਉਣੇ ਸਨ ਪਰ ਹਾਲੇ ਤੱਕ ਉਹ ਉੱਥੇ ਫਸੇ ਹੋਏ ਨੇ ਜਿਸ ਲਈ ਸਰਕਾਰ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ: ਯੂਕਰੇਨ ’ਚ ਗੁੰਮ ਹੋ ਗਿਆ ਸੀ ਜ਼ਖਮੀ ਹਰਜੋਤ ਸਿੰਘ ਦਾ ਪਾਸਪੋਰਟ, ਜਾਣੋ ਫਿਰ ਕੀ ਹੋਇਆ