ਲੁਧਿਆਣਾ: ਝੋਨੇ ਦੀ ਫ਼ਸਲ ਦੀ ਖ਼ਰੀਦ ਲਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹੈ ਅਤੇ ਹੁਣ ਮੰਡੀਆਂ ਵਿੱਚ ਝੋਨੇ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਹਾਲਾਂਕਿ ਵੱਡੀਆਂ ਅਨਾਜ ਮੰਡੀਆਂ ਜਿਵੇਂ ਕੀ ਖੰਨਾ ਚ ਪਹਿਲਾਂ ਹੀ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਪਰ ਸ਼ਹਿਰਾਂ ਚ ਸਥਿਤ ਮੰਡੀਆਂ ਚ ਵੀ ਕਿਸਾਨ ਝੋਨਾ ਲੈ ਕੇ ਪਹੁੰਚਣ ਲੱਗੇ ਹਨ।
'ਮੰਡੀਆਂ ’ਚ ਕੀਤੇ ਗਏ ਹਨ ਪੁਖਤਾ ਪ੍ਰਬੰਧ'
ਗੱਲ ਕੀਤੀ ਜਾਵੇ ਲੁਧਿਆਣਾ ਚ ਗਿੱਲ ਰੋਡ ’ਤੇ ਸਥਿਤ ਅਨਾਜ ਮੰਡੀ ਦੀ ਤਾਂ ਇੱਥੇ ਪਿੰਡ ਚੱਖੋਵਾਲ ਤੋਂ ਪਹਿਲੀ ਟਰਾਲੀ ਝੋਨੇ ਦੀ ਵਿਕਣ ਲਈ ਆਉਣ ਲੱਗੀ ਹੈ, ਹਾਲਾਂਕਿ ਅਜੇ ਫਸਲ ਦੀ ਬੋਲੀ ਤਾਂ ਨਹੀਂ ਲੱਗੀ ਪਰ ਕਿਸਾਨਾਂ ਨੇ ਪ੍ਰਬੰਧਾਂ ਨੂੰ ਲੈ ਕੇ ਸੰਤੁਸ਼ਟੀ ਜਤਾਈ ਹੈ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜੇਕਰ 10 ਅਕਤੂਬਰ ਤੋਂ ਬਾਅਦ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ ਤਾਂ ਇਸ ਦਾ ਕਿਸਾਨਾਂ ਨੂੰ ਕਾਫੀ ਨੁਕਸਾਨ ਝੇਲਣਾ ਪੈ ਸਕਦਾ ਹੈ। ਜੇਕਰ ਸਮੇਂ ਸਿਰ ਇਸਦੀ ਖਰੀਦ ਹੁੰਦੀ ਹੈ ਤਾਂ ਬਹੁਤ ਵਧੀਆ ਗੱਲ ਹੋਵੇਗੀ।
'ਕੇਂਦਰ ਸਰਕਾਰ ਕਰੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ'
ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਸਰਕਾਰ ਸਮੇਂ ਸਿਰ ਝੋਨੇ ਦੀ ਖਰੀਦ ਕਰੇ ਤਾਂ ਜੋ ਉਹ ਆਪਣੇ ਦੂਜੇ ਕੰਮ ਕਰ ਸਕਣ। ਅਸੀਂ ਇਹ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਝੋਨੇ ਦਾ ਇੱਕ ਇੱਕ ਦਾਣਾ ਸਮੇਂ ਸਿਰ ਚੁੱਕ ਲੈਣਗੇ। ਇਸ ਤੋਂ ਇਲਾਵਾ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਡੇ ਕਿਸਾਨ ਭਰਾ ਲੰਮੇ ਸਮੇਂ ਤੋਂ ਦਿੱਲੀ ਸਰਹੱਦ ’ਤੇ ਬੈਠ ਕੇ ਸੰਘਰਸ਼ ਕਰ ਰਹੇ ਹਨ ਅਤੇ ਹੁਣ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ। ਤਾਂ ਜੋ ਕਿਸਾਨ ਸੰਘਰਸ਼ ਕਰ ਰਹੇ ਹਨ ਵਾਪਸ ਆਪਣੇ ਘਰ ਆ ਸਕਣ।
ਦੱਸ ਦਈਏ ਕਿ ਮੰਡੀ ਚ ਪਹੁੰਚੇ ਕਿਸਾਨਾਂ ਨੇ ਖਰੀਦ ਪ੍ਰਬੰਧਾਂ ਤੇ ਸੰਤੁਸ਼ਟੀ ਜਤਾਈ ਹੈ। ਨਾਲ ਹੀ ਕਿਹਾ ਕਿ ਆੜ੍ਹਤੀਆਂ ਵੱਲੋਂ ਮੰਡੀਆਂ ਵਿੱਚ ਪ੍ਰਬੰਧ ਕਰਵਾਏ ਜਾ ਰਹੇ ਹਨ। ਕਿਸਾਨਾਂ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਮਿਹਨਤ ਦੀ ਜਲਦ ਖਰੀਦ ਹੋਵੇਗੀ ਅਤੇ ਇੱਕ ਇੱਕ ਦਾਣਾ ਮੰਡੀ ਚੋਂ ਲਿਫਟ ਕੀਤਾ ਜਾਵੇਗਾ ਕਿਸਾਨਾਂ ਨੇ ਕਿਹਾ ਕਿ ਫਿਲਹਾਲ ਫਸਲ ਚੰਗੇ ਹਾਲਾਤਾਂ ਵਿਚ ਹੈ ਨਮੀ ਦੀ ਮਾਤਰਾ ਜਿੰਨੀ ਚਾਹੀਦੀ ਹੈ ਉਨ੍ਹੀਂ ਹੀ ਹੈ।
ਇਹ ਵੀ ਪੜੋ: ਗੁਰਨਾਮ ਸਿੰਘ ਚਡੂਨੀ ਦੀ ਗ੍ਰਿਫਤਾਰੀ ਤੋਂ ਬਾਅਦ ਭਾਰੀ ਵਿਰੋਧ, ਦੇਰ ਰਾਤ ਨੂੰ ਕੀਤਾ ਰਿਹਾਅ