ਲੁਧਿਆਣਾ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਕੇਂਦਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਹਰ ਢੰਗ ਦੀਆਂ ਕੋਸ਼ਿਸ਼ਾਂ ਕਰ ਲੋਕਾਂ ਨੂੰ ਆਪਣੇ ਨਾਲ ਲਾਮਬੰਦ ਕਰ ਰਹੇ ਹਨ। ਕਿਸਾਨਾਂ ਦੇ ਇਸ ਸੰਘਰਸ਼ 'ਚ ਨੌਜਵਾਨ, ਬੱਚੇ ਅਤੇ ਔਰਤਾਂ ਵੱਡੇ ਪੱਧਰ 'ਤੇ ਸ਼ਾਮਲ ਹਨ। ਇਸ ਸੰਘਰਸ਼ ਦੀ ਖ਼ੂਬਸੂਰਤੀ ਇਹ ਹੈ ਕਿ ਮਰਦਾਂ ਦੇ ਬਰਾਬਰ ਇਸ ਵਾਰ ਬੀਬੀਆਂ ਅਤੇ ਨੌਜਵਾਨ ਕੁੜੀਆਂ ਇਸ ਸੰਘਰਸ਼ ਦਾ ਹਿੱਸਾ ਬਣੀਆਂ ਹਨ।
ਜ਼ਿਲ੍ਹੇ ਦੀ ਕਿਸਾਨ ਪਰਿਵਾਰ ਦੀ ਧੀ ਹਰਪ੍ਰੀਤ ਕੌਰ ਇੱਕ ਵੱਖਰੇ ਹੀ ਢੰਗ ਨਾਲ ਲੋਕਾਂ ਦੀ ਸੋਚ ਸ਼ਕਤੀ ਨੂੰ ਜਗਾਉਣ ਦੀ ਕੋਸ਼ਿਸ਼ 'ਚ ਲੱਗੀ ਹੈ। ਹਰਪ੍ਰੀਤ ਪੋਸਟਰ ਲਾ ਜਿੱਥੇ ਲੋਕਾਂ ਨੂੰ ਆਪਣੇ ਹਿਤ ਅਤੇ ਹੱਕਾਂ ਦੀ ਲੜਾਈ ਲੜਨ ਲਈ ਪ੍ਰੇਰ ਰਹੀ ਹੈ, ਉੱਥੇ ਹੀ ਦੇਸ਼ ਦੇ ਇਸ ਲੋਕਤੰਤਰੀ ਢਾਂਚੇ ਅਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕ ਲੋਕਾਂ ਨੂੰ ਆਪਣੀ ਆਜ਼ਾਦੀ ਬਾਰੇ ਵੀ ਸੋਚਣ ਲਈ ਕਹਿ ਰਹੀ ਹੈ।
ਗੱਲਬਾਤ ਦੌਰਾਨ ਹਰਪ੍ਰੀਤ ਨੇ ਕਿਹਾ ਕਿ ਸਰਾਕਰ ਤਾਨਾਸ਼ਾਹੀ ਰੁਖ ਇਖਤਿਆਰ ਕਰ ਚੁੱਕੀ ਹੈ। ਉਸ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ, 'ਕੀ ਅੱਜ ਅਸੀਂ ਭਾਰਤ 'ਚ ਆਜ਼ਾਦ ਹਾਂ ਜਾ ਨਹੀਂ।' ਕਿਸਾਨੀ ਮੁੱਦੇ 'ਤੇ ਬੋਲਦਿਆਂ ਹਰਪ੍ਰੀਤ ਨੇ ਕਿਹਾ ਕਿ ਸਰਕਾਰ ਉਹ ਕਾਨੂੰਨ ਸਾਡੇ 'ਤੇ ਜ਼ਬਰਨ ਥੋਪ ਰਹੀ ਹੈ ਜਿਸ ਦੀ ਅਸੀਂ ਕਦੇ ਵੀ ਮੰਗ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਕਾਨੂੰਨਾਂ ਨਾਲ ਅਸੀਂ ਖ਼ੁਸ਼ ਹਾਂ। ਉਸ ਨੇ ਕਿਹਾ ਕਿ ਉਹ ਖ਼ੁਦ ਪੋਸਟਰ ਬਣਵਾ ਕੇ ਕਿਸਾਨਾਂ ਦੀਆਂ ਟਰਾਲੀਆਂ 'ਤੇ ਲਾ ਰਹੀ ਹੈ ਅਤੇ ਸਰਕਾਰਾਂ ਨੂੰ ਇਹ ਸਵਾਲ ਪੁੱਛ ਰਹੀ ਹੈ, ਕੀ ਅੱਜ ਅਸੀਂ ਆਜ਼ਾਦ ਹਾਂ।
ਹਰਪ੍ਰੀਤ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਮਹਿਲਾਵਾਂ ਵੀ ਪੂਰਾ ਸਾਥ ਦੇ ਰਹੀਆਂ ਹਨ, ਉਨ੍ਹਾਂ ਕਿਹਾ ਕਿ ਹਾਲਾਂਕਿ ਸਾਡੀ ਜ਼ਿੰਮੇਵਾਰੀ ਇੱਥੇ ਵੀ ਬਣਦੀ ਹੈ ਅਤੇ ਘਰ ਸਾਂਭਣ ਦੀ ਵੀ ਬਣਦੀ ਹੈ ਜੋ ਉਹ ਫਰਜ਼ ਬਾਖੂਬੀ ਨਿਭਾ ਰਹੀਆਂ ਹਨ, ਉਸ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਕਿਸਾਨਾਂ ਦੇ ਦਿੱਲੀ ਜਾਣ ਤੋਂ ਬਾਅਦ ਇੱਥੇ ਮੋਰਚੇ ਸਾਂਭਣ ਨੂੰ ਤਿਆਰ ਬਰ ਤਿਆਰ ਹਨ।
ਹਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਦੇ ਖ਼ਿਲਾਫ਼ ਜੰਗ ਲੜਨ ਦੀ ਲੋੜ ਹੈ ਕਿਉਂਕਿ ਇਹ ਲੜਾਈ ਸਰਕਾਰਾਂ ਦੇ ਖ਼ਿਲਾਫ਼ ਹੈ ਅਤੇ ਹਰ ਕਿਸੇ ਨੂੰ ਆਪਣੀ ਭੂਮਿਕਾ ਇਸ ਵਿੱਚ ਅਦਾ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪੋਸਟਰ ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ 'ਤੇ ਬਣਵਾਏ ਗਏ ਨੇ ਤਾਂ ਜੋ ਦਿੱਲੀ ਜਾ ਰਹੀ ਟਰਾਲੀਆਂ ਤੇ ਸਰਕਾਰ ਇਹ ਸੁਨੇਹੇ ਪੜ੍ਹ ਸਕੇ ਕਿ ਕਿਸਾਨ ਅੱਜ ਵੀ ਗੁਲਾਮ ਹੈ